ਕੁਹਾੜਾ, 1 ਜੂਨ (ਸੰਦੀਪ ਸਿੰਘ ਕੁਹਾੜਾ)-ਥਾਣਾ ਕੂੰਮਕਲਾਂ ਦੇ ਮੁਖੀ ਐੈੱਸ. ਐੈੱਚ. ਓ. ਮਧੂ ਬਾਲਾ ਅਤੇ ਕਟਾਣੀ ਚੌਂਕੀ ਦੇ ਇੰਚਾਰਜ ਸੁਰਜੀਤ ਸਿੰਘ ਸੈਣੀ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਇੱਕ ਵਿਅਕਤੀ ਨੂੰ ਨਾਜਾਇਜ਼ ਪਿਸਤੌਲ, ਖੋਹ ਕੀਤੇ ਮੋਬਾਈਲ ਫ਼ੋਨ ਅਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ | ਚੌਂਕੀ ਕਟਾਣੀ ਕਲਾਂ ਦੇ ਇੰਚਾਰਜ ਸਬ ਇੰਸਪੈਕਟਰ ਸੁਰਜੀਤ ਸਿੰਘ ਸੈਣੀ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਗਿ੍ਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਕੁਲਵਿੰਦਰ ਸਿੰਘ ਉਰਫ਼ ਸੀਪਾ ਵਾਸੀ ਪਿੰਡ ਬਲਾਲਾ ਵਜੋਂ ਹੋਈ ਹੈ | ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਉਸ ਨੂੰ ਰੋਕ ਕੇ ਤਲਾਸ਼ੀ ਲਈ, ਜਿਸ ਦੌਰਾਨ ਉਸ ਦੇ ਕਬਜ਼ੇ 'ਚੋਂ ਨਾਜਾਇਜ਼ ਹਥਿਆਰ ਬਰਾਮਦ ਕੀਤਾ ਗਿਆ | ਇਸ ਤੋਂ ਇਲਾਵਾ ਉਸ ਕੋਲੋਂ ਇੱਕ ਮੋਬਾਈਲ ਫ਼ੋਨ ਅਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ, ਜਿਨ੍ਹਾਂ ਸੰਬੰਧੀ ਪੁਲਿਸ ਜਾਂਚ ਕਰ ਰਹੀ ਹੈ | ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਆਰਮਜ਼ ਐਕਟ ਅਧੀਨ ਅਤੇ ਲੁੱਟ ਖੋਹ ਕਰਨ ਦਾ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ | ਜਾਂਚ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮੁਲਜ਼ਮ ਦਾ ਕਿਸੇ ਹੋਰ ਅਪਰਾਧਿਕ ਗਤੀਵਿਧੀ ਜਾਂ ਗਰੋਹ ਨਾਲ ਕੋਈ ਸੰਬੰਧ ਤਾਂ ਨਹੀਂ | ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਵਿਚ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਅਪਰਾਧੀਆਂ ਖ਼ਿਲਾਫ਼ ਕਾਰਵਾਈ ਦਾ ਇਹ ਅਭਿਆਨ ਅੱਗੇ ਵੀ ਜਾਰੀ ਰਹੇਗਾ | ਕ੍ਰਾਈਮ ਕਰਨ ਵਾਲੇ ਅਪਰਾਧਿਕ ਪਰਵਿਰਤੀ ਵਾਲੇ ਦੋਸ਼ੀਆਂ ਵਿਚ ਦਹਿਸ਼ਤ ਪਾਉਣ ਵਾਲੇ ਮੰਨੇ ਪ੍ਰਮੰਨੇ ਥਾਣੇਦਾਰ ਸੁਰਜੀਤ ਸਿੰਘ ਸੈਣੀ ਕਟਾਣੀ ਚੌਂਕੀ ਇੰਚਾਰਜ ਵਲ਼ੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਜਾਣਕਾਰੀ ਮਿਲੀ ਇਕ ਵਿਅਕਤੀ ਕੁਲਵਿੰਦਰ ਸਿੰਘ ਉਰਫ਼ ਸੀਪਾ ਜੋ ਅਪਰਾਧ ਕਰਨ ਦਾ ਆਦੀ ਹੈ ਉਸ ਨੇ ਮੋਗਾ ਜ਼ਿਲ੍ਹੇ 'ਚੋਂ ਇੱਕ ਲਾਇਸੈਂਸੀ ਪਿਸਤੌਲ ਖੋਹ ਕਰ ਕੇ ਕਟਾਣੀ ਇਲਾਕਾ 'ਚ ਪਹੁੰਚ ਕੇ ਪਿਸਤੌਲ ਦੀ ਨੋਕ 'ਤੇ ਲੁੱਟਾਂ ਖੋਹਾਂ ਕਰਦਾ ਹੈ | ਥਾਣਾ ਕੂੰਮਕਲਾਂ ਦੇ ਮੁਖੀ ਮਧੂ ਬਾਲਾ ਅਤੇ ਚੌਕੀ ਇੰਚਾਰਜ ਸੁਰਜੀਤ ਸਿੰਘ ਸੈਣੀ ਦੀਆਂ ਪੁਲਿਸ ਟੀਮਾਂ ਵਲੋਂ ਉਕਤ ਵਿਅਕਤੀ ਨੂੰ ਕਾਬੂ ਕਰਨ ਲਈ ਪੁਲਿਸ ਦਾ ਜਾਲ ਵਿਛਾਇਆ ਗਿਆ | ਜਿਸ ਵਿਚ ਪੁਲਿਸ ਨੇ ਸਫਲਤਾ ਹਾਸਿਲ ਕੀਤੀ | ਉਕਤ ਵਿਅਕਤੀ ਨੂੰ ਖੋਹ ਕੀਤੇ ਪਿਸਤੌਲ ਅਤੇ ਖੋਹ ਕੀਤੇ ਮੋਬਾਈਲ ਅਤੇ ਖੋਹ ਕੀਤੇ ਮੋਟਰਸਾਈਕਲ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ | ਇੰਚਾਰਜ ਸੈਣੀ ਨੇ ਦੱਸਿਆ ਕਿ ਉਕਤ ਵਿਅਕਤੀ ਖ਼ਿਲਾਫ਼ ਪਹਿਲਾਂ ਵੀ ਮੋਗਾ, ਸਮਰਾਲਾ, ਖੰਨਾ ਥਾਣਿਆਂ ਅੰਦਰ ਮਾਮਲੇ ਦਰਜ ਹਨ | ਪੁਲਿਸ ਵਲੋਂ ਉਕਤ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਪੇਸ਼ ਅਦਾਲਤ ਕਰ ਰਿਮਾਂਡ 'ਤੇ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ |