19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪ੍ਰੀਪੇਡ ਬਿਜਲੀ ਮੀਟਰਾਂ ਦੇ ਨਤੀਜੇ ਆਉਣੇ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 10-06-2026
ਰਾਏਕੋਟ, 9 ਜੂਨ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਰਾਏਕੋਟ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਪ੍ਰੀਪੇਡ ਬਿਜਲੀ ਮੀਟਰ ਲਗਾਏ ਗਏ ਹਨ | ਜਾਣਕਾਰੀ ਅਨੁਸਾਰ ਇਨ੍ਹਾਂ ਪ੍ਰੀਪੇਡ ਮੀਟਰਾਂ 'ਚ ਮੋਬਾਈਲ ਰੀਚਾਰਜ ਦੀ ਤਰ੍ਹਾਂ ਪਹਿਲਾਂ ਰਕਮ ਜਮ੍ਹਾਂ ਕਰਵਾਉਣੀ ਪੈਂਦੀ ਹੈ ਅਤੇ ਜਿਨ੍ਹਾਂ ਰੀਚਾਰਜ ਕਰਵਾਇਆ ਜਾਂਦਾ ਹੈ, ਉਸ ਮੁਤਾਬਿਕ ਹੀ ਬਿਜਲੀ ਸਹੂਲਤ ਮਿਲਦੀ ਹੈ | ਇਸੇ ਤਹਿਤ ਰਾਏਕੋਟ ਨਗਰ ਕੌਂਸਲ ਦੀ ਬਿਜਲੀ ਪਿਛਲੇ 2 ਦਿਨਾਂ ਤੋਂ ਬੰਦ ਪਈ ਹੋਈ ਹੈ, ਕਿਉਂਕਿ ਮੀਟਰ ਦਾ ਪ੍ਰੀਪੇਡ ਰੀਚਾਰਜ ਨਹੀਂ ਕਰਵਾਇਆ ਗਿਆ | ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਮੀਟਰ ਨੂੰ ਚਾਲੂ ਰੱਖਣ ਲਈ ਕਰੀਬ 40 ਹਜ਼ਾਰ ਰੁਪਏ ਦਾ ਰੀਚਾਰਜ ਲੋੜੀਂਦਾ ਹੁੰਦਾ ਹੈ | ਅੱਜ ਸਵੇਰੇ ਤੋਂ ਹੀ ਬਿਜਲੀ ਨਾ ਹੋਣ ਅਤੇ ਕੰਪਿਊਟਰ ਸਿਸਟਮ ਬੰਦ ਪਏ ਹੋਣ ਕਾਰਨ ਕਈ ਲੋਕ ਆਪਣੇ ਕੰਮ ਕਰਵਾਉਣ ਲਈ ਨਗਰ ਕੌਂਸਲ ਪਹੁੰਚੇ ਪਰ ਕੰਮ ਨਾ ਹੋਣ ਕਾਰਨ ਨਿਰਾਸ਼ ਹੋ ਕੇ ਵਾਪਸ ਮੁੜ ਗਏ | ਇਸ ਮੌਕੇ ਇਹ ਵੀ ਜ਼ਿਕਰਯੋਗ ਹੈ ਕਿ ਨਗਰ ਕੌਂਸਲ ਕੋਲ ਇਕ ਜਨਰੇਟਰ ਵੀ ਮੌਜੂਦ ਸੀ, ਜੋ ਅਜਿਹੇ ਸਮੇਂ ਦੌਰਾਨ ਵਰਤਿਆ ਜਾ ਸਕਦਾ ਸੀ, ਪਰ ਸੂਤਰਾਂ ਮੁਤਾਬਿਕ ਕਾਫ਼ੀ ਸਮਾਂ ਪਹਿਲਾਂ ਚੋਰਾਂ ਵਲੋਂ ਉਸ ਦੇ ਕੁਝ ਪੁਰਜ਼ੇ ਚੋਰੀ ਕਰ ਲਏ ਗਏ ਸਨ | ਇਸ ਸਬੰਧੀ ਨਾ ਤਾਂ ਕੋਈ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਨਾ ਹੀ ਜਨਰੇਟਰ ਨੂੰ ਠੀਕ ਕਰਵਾਇਆ ਗਿਆ | ਬਿਜਲੀ ਬੰਦ ਹੋਣ ਕਾਰਨ ਦਫ਼ਤਰ ਵਿਚ ਹਨ੍ਹੇਰਾ ਛਾਇਆ ਰਿਹਾ | ਕੁਝ ਕਰਮਚਾਰੀ ਮੋਬਾਈਲ ਦੀ ਟਾਰਚ ਦੀ ਰੌਸ਼ਨੀ ਵਿਚ ਕੰਮ ਕਰਦੇ ਨਜ਼ਰ ਆਏ, ਜਦਕਿ ਗਰਮੀ ਕਾਰਨ ਕਈ ਕੁਰਸੀਆਂ ਖਾਲੀ ਪਈਆਂ ਸਨ | ਦਫ਼ਤਰ ਦੇ ਗਲਿਆਰਿਆਂ ਵਿਚ ਬਿਜਲੀ ਨਾ ਹੋਣ ਕਾਰਨ ਅਜਿਹਾ ਮਾਹੌਲ ਬਣਿਆ ਹੋਇਆ ਸੀ, ਜਿਵੇਂ ਕਿਸੇ ਹਨੇਰੀ ਗੁਫ਼ਾ ਵਿਚ ਦਾਖ਼ਲ ਹੋ ਰਹੇ ਹੋਈਏ | ਕਰੋੜਾਂ ਰੁਪਏ ਦੇ ਬਜਟ ਵਾਲੀ ਨਗਰ ਕੌਂਸਲ ਦੀ ਇਹ ਹਾਲਤ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ |
ਕੀ ਕਹਿਣਾ ਹੈ ਕਾਰਜਸਾਧਕ ਅਫ਼ਸਰ ਦਾ-
ਇਸ ਸਬੰਧੀ ਜਦੋਂ ਰਾਏਕੋਟ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਵਿਕਾਸ ਉੱਪਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਹੀ ਨਹੀਂ ਸੀ ਕਿ ਬਿਜਲੀ ਪ੍ਰੀਪੇਡ ਰੀਚਾਰਜ ਨਾ ਹੋਣ ਕਾਰਨ ਬੰਦ ਹੈ | ਉਨ੍ਹਾਂ ਕਿਹਾ ਕਿ ਜੇ ਪਹਿਲਾਂ ਪਤਾ ਲੱਗ ਜਾਂਦਾ ਤਾਂ ਤੁਰੰਤ ਰੀਚਾਰਜ ਕਰਵਾ ਦਿੱਤਾ ਜਾਂਦਾ | ਉਨ੍ਹਾਂ ਨੂੰ ਇਹ ਲੱਗ ਰਿਹਾ ਸੀ ਕਿ ਪੂਰੇ ਸ਼ਹਿਰ ਵਿਚ ਹੀ ਬਿਜਲੀ ਦੀ ਸਮੱਸਿਆ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਕੱਲ੍ਹ ਸਵੇਰੇ ਹੀ ਰੀਚਾਰਜ ਕਰਵਾ ਕੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ |
ਕੀ ਕਹਿਣਾ ਹੈ ਪਾਵਰਕਾਮ ਐੱਸ.ਡੀ.ਓ ਦਾ-
ਪਾਵਰਕਾਮ ਰਾਏਕੋਟ ਦੇ ਐੱਸ.ਡੀ.ਓ ਕੁਲਦੀਪ ਕੁਮਾਰ ਨੇ ਦੱਸਿਆ ਕਿ ਰਾਏਕੋਟ ਦੇ ਸਾਰੇ ਸਰਕਾਰੀ ਦਫ਼ਤਰਾਂ ਵਿਚ ਪ੍ਰੀਪੇਡ ਮੀਟਰ ਲਗਾਏ ਗਏ ਹਨ ਅਤੇ ਨਿਯਮਾਂ ਅਨੁਸਾਰ ਪਹਿਲਾਂ ਰੀਚਾਰਜ ਕਰਵਾਉਣਾ ਲਾਜ਼ਮੀ ਹੈ, ਜਿਵੇਂ ਹੀ ਰੀਚਾਰਜ ਕੀਤਾ ਜਾਵੇਗਾ, ਬਿਜਲੀ ਸਪਲਾਈ ਆਪਣੇ-ਆਪ ਚਾਲੂ ਹੋ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਦਾਖਾ 'ਚ ਸ਼ਹੀਦ ਬਾਬਾ ਨੱਥੂ ਜੀ ਦੀ ਬਰਸੀ ਨੂੰ ਸਮਰਪਿਤ ਸਮਾਗਮ 16 ਨੂੰ <br/> ਅਗਲੀ ਖ਼ਬਰ ਸੰਗਤ ਹੀ ਇਨਸਾਨ ਨੂੰ ਚੰਗਾ ਤੇ ਬੁਰਾ ਬਣਾਉਂਦੀ-ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ <br/>
Ad Position 24