ਮਲੌਦ, 11 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਦੀ ਅਗਵਾਈ ਹੇਠ ਪਿੰਡ ਸਿਆੜ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਡੀਜ਼ਲ, ਪੈਟਰੋਲ, ਗੈਸ ਸਿਲੰਡਰ, ਯੂਰੀਏ ਦੀ ਕਿੱਲਤ, ਬਿਜਲੀ ਬਿੱਲ 2025, ਬੀਜ ਬਿੱਲ, ਮਨਰੇਗਾ ਯੋਜਨਾ ਨੂੰ ਖ਼ਤਮ ਕਰਨਾ ਤੇ ਲੇਬਰ ਕੋਟ ਲਾਗੂ ਕਰਨ ਅਤੇ ਮਹਿੰਗਾਈ ਦੇ ਪੈ ਰਹੇ ਵੱਡੇ ਭਾਰ ਖ਼ਿਲਾਫ਼ ਦੋ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਵਲੋਂ 4 ਜੁਲਾਈ ਨੂੰ ਚੰਡੀਗੜ੍ਹ ਦੇ ਸੈਕਟਰ 34 ਵਿਖੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਰੋਸ ਮੁਜ਼ਾਹਰੇ ਦੀ ਸਫਲਤਾ ਲਈ ਜ਼ਿਲਿ੍ਹਆਂ ਅੰਦਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਰੋਸ ਮੁਜ਼ਾਹਰੇ 'ਚੋਂ ਮੁਲਕ ਅਤੇ ਸੂਬੇ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਰਾਜਸੀ ਲਾਣੇ ਦੀਆਂ ਨੁਕਸਦਾਰ ਨੀਤੀਆਂ ਨੂੰ ਜਨਤਕ ਤੌਰ 'ਤੇ ਉਭਾਰਿਆ ਜਾਵੇਗਾ ਅਤੇ ਅਮਰੀਕਾ ਜੰਗ ਦੀ ਆੜ ਵਿਚ ਲੋਕਾਂ ਉੱਪਰ ਬੋਝ ਪਾਉਣਾ ਬੰਦ ਕੀਤਾ ਜਾਵੇ | ਇਸ ਮੌਕੇ ਸੁਦਾਗਰ ਸਿੰਘ ਘੁਡਾਣੀ, ਮਨੋਹਰ ਸਿੰਘ ਕੁਲਾਹੜ, ਮਾ: ਰਾਜਿੰਦਰ ਸਿੰਘ ਸਿਆੜ, ਚਰਨਜੀਤ ਸਿੰਘ ਫੱਲੇਵਾਲ, ਬਲਵੰਤ ਸਿੰਘ ਘੁਡਾਣੀ, ਹਰਜੀਤ ਸਿੰਘ ਘਲੋਟੀ, ਯੁਵਰਾਜ ਸਿੰਘ ਘੁਡਾਣੀ, ਜਸਵੀਰ ਸਿੰਘ ਅਸਗਰੀਪੁਰ, ਦਵਿੰਦਰ ਸਿੰਘ ਸਿਰਥਲਾ, ਹਾਕਮ ਸਿੰਘ ਜਰਗੜੀ, ਨਾਜਰ ਸਿੰਘ ਸਿਆੜ, ਜਸਵੀਰ ਸਿੰਘ ਖੱਟੜਾ, ਜਸਵੰਤ ਸਿੰਘ ਭੱਟੀਆਂ, ਅਮਰੀਕ ਸਿੰਘ ਭੂੰਦੜੀ, ਜਸਦੀਪ ਸਿੰਘ ਜੱਸੋਵਾਲ, ਹਾਕਮ ਸਿੰਘ ਜਰਗੜੀ, ਮਨਜੀਤ ਸਿੰਘ ਬੁਢੇਲ, ਗੁਰਦੇਵ ਸਿੰਘ ਨਾਰੰਗਵਾਲ ਆਦਿ ਹਾਜ਼ਰ ਸਨ |