ਭੂੰਦੜੀ, 14 ਜੂਨ (ਕੁਲਦੀਪ ਸਿੰਘ ਮਾਨ)�ਗਰਿੱਡ ਸਬ ਸਟੇਸ਼ਨ ਟੈਕਨੀਕਲ ਅਤੇ ਕਲੈਰੀਕਲ ਇੰਪਲਾਈਜ਼ ਯੂਨੀਅਨ ਪੰਜਾਬ ਨੇ ਪਾਵਰਕਾਮ ਅਤੇ ਪੀ.ਐੱਸ.ਟੀ.ਸੀ.ਐੱਲ ਵਿਚ ਠੇਕੇਦਾਰੀ ਅਧੀਨ ਕੰਮ ਕਰ ਰਹੇ ਵਰਕਰਾਂ ਨੂੰ 15 ਜੂਨ 2026 ਤੱਕ ਵਿਭਾਗ ਦੇ ਰੋਲ ‘ਤੇ ਲੈਣ ਦੀ ਮੰਗ ਕੀਤੀ ਹੈ | ਇਹ ਮੰਗ ਅੱਜ ਸੀ.ਐੱਮ.ਡੀ. ਪਾਵਰਕਾਮ ਅਤੇ ਪੀ.ਐੱਸ.ਟੀ.ਸੀ.ਐੱਲ ਸ੍ਰੀ ਬਸੰਤ ਗਰਗ ਦੀ ਪ੍ਰਧਾਨਗੀ ਹੇਠ ਪਟਿਆਲਾ ਵਿਖੇ ਹੋਈ ਮੀਟਿੰਗ ਦੌਰਾਨ ਉਠਾਈ ਗਈ | ਜਥੇਬੰਦੀ ਦੇ ਜਨਰਲ ਸਕੱਤਰ ਕਿ੍ਸ਼ਨ ਭਾਰਦਵਾਜ ਅਤੇ ਪ੍ਰੈੱਸ ਸਕੱਤਰ ਵਿਕੀ ਕੁਮਾਰ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਏਜੰਡਾ ਆਊਟਸੋਰਸ ਵਰਕਰਾਂ ਨੂੰ ਦੋਵਾਂ ਕਾਰਪੋਰੇਸ਼ਨਾਂ ਦੇ ਰੋਲ ‘ਤੇ ਲੈਣ ਸਬੰਧੀ ਸੀ | ਜਥੇਬੰਦੀ ਨੇ ਮੀਟਿੰਗ ਵਿਚ ਕਿਹਾ ਕਿ ਪੈਸਕੋ, ਟੈਲੀਪਰਫਾਰਮੈਂਸ ਗਲੋਬਲ, ਐੱਨ.ਸੀ.ਸੀ., ਸੀ.ਆਰ.ਸੀ ਅਤੇ ਹੋਰ ਠੇਕੇਦਾਰਾਂ ਕੋਲ ਕੰਮ ਕਰ ਰਹੇ ਵਰਕਰਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਜਦਕਿ ਸੀ.ਐੱਚ.ਬੀ ਅਤੇ ਸੀ.ਐੱਚ.ਐੱਚ ਵਰਕਰਾਂ ਨੂੰ ਪਹਿਲਾਂ ਹੀ ਵਿਭਾਗੀ ਰੋਲ ‘ਤੇ ਲਿਆ ਜਾ ਚੁੱਕਾ ਹੈ | ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਵੈੱਲਫੇਅਰ ਐਕਟ-2016 ਦੇ ਆਧਾਰ ‘ਤੇ ਬਾਕੀ ਰਹਿੰਦੇ ਵਰਕਰਾਂ ਨੂੰ ਵੀ ਵਾਅਦੇ ਮੁਤਾਬਕ 15 ਜੂਨ ਤੱਕ ਰੋਲ ‘ਤੇ ਲਿਆ ਜਾਵੇ | ਉਨ੍ਹਾਂ ਦੱਸਿਆ ਕਿ ਸੀ.ਐੱਮ.ਡੀ. ਵਲੋਂ ਪੰਜਾਬ ਸਰਕਾਰ ਦੇ ਨਵੇਂ ਆਰਡੀਨੈਂਸ ਅਨੁਸਾਰ ਭਰਤੀ ਕਰਨ ਦੀ ਗੱਲ ਕੀਤੀ ਗਈ, ਜਿਸ ਦਾ ਜਥੇਬੰਦੀ ਨੇ ਸਖ਼ਤ ਵਿਰੋਧ ਕੀਤਾ | ਉਨ੍ਹਾਂ ਕਿਹਾ ਕਿ ਕੋਈ ਵੀ ਕਾਨੂੰਨ ਪਿਛਲੀ ਮਿਤੀ ਤੋਂ ਲਾਗੂ ਨਹੀਂ ਕੀਤਾ ਜਾ ਸਕਦਾ ਅਤੇ ਅਜਿਹਾ ਕਰਨਾ ਵਰਕਰਾਂ ਨਾਲ ਬੇਇਨਸਾਫ਼ੀ ਹੋਵੇਗੀ | ਮੀਟਿੰਗ ਦੌਰਾਨ ਜਥੇਬੰਦੀ ਨੇ ਪੰਜਾਬ ਸਰਕਾਰ ਵਲੋਂ ਵਰਕਰਾਂ ਦੀਆਂ ‘ਘਾਤਕ’ ਅਤੇ ‘ਗੈਰ-ਘਾਤਕ’ ਸ਼੍ਰੇਣੀਆਂ ਬਣਾਉਣ ‘ਤੇ ਵੀ ਇਤਰਾਜ਼ ਜਤਾਇਆ | ਯੂਨੀਅਨ ਦਾ ਕਹਿਣਾ ਸੀ ਕਿ ਪਾਵਰਕਾਮ ਅਤੇ ਪੀ.ਐੱਸ.ਟੀ.ਸੀ.ਐੱਲ ਵਿਚ 99 ਫ਼ੀਸਦੀ ਡਿਊਟੀਆਂ ਘਾਤਕ ਸ਼੍ਰੇਣੀ ਵਿਚ ਆਉਂਦੀਆਂ ਹਨ | ਇਸ ‘ਤੇ ਸੀ.ਐੱਮ.ਡੀ. ਨੇ ਜਥੇਬੰਦੀ ਦੀ ਗੱਲ ਨਾਲ ਸਹਿਮਤੀ ਜਤਾਉਂਦਿਆਂ ਮਾਮਲਾ ਮੁੱਖ ਮੰਤਰੀ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ | ਜਥੇਬੰਦੀ ਨੇ ਪੰਜਾਬ ਸਰਕਾਰ ਦੇ ਠੇਕੇਦਾਰੀ ਸਿਸਟਮ ਖ਼ਤਮ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਤਿੰਨ ਸਾਲ ਤੋਂ ਘੱਟ ਸੇਵਾ ਵਾਲੇ ਵਰਕਰ ਅਜੇ ਵੀ ਠੇਕੇਦਾਰਾਂ ਦੇ ਅਧੀਨ ਰਹਿਣਗੇ, ਜਿਸ ਕਾਰਨ ਉਨ੍ਹਾਂ ਦਾ ਸ਼ੋਸ਼ਣ ਜਾਰੀ ਰਹੇਗਾ | ਇਸ ਸਬੰਧੀ ਸੀ.ਐੱਮ.ਡੀ. ਨੇ ਕਿਹਾ ਕਿ ਤਿੰਨ ਸਾਲ ਤੱਕ ਮੌਜੂਦਾ ਪ੍ਰਣਾਲੀ ਚੱਲੇਗੀ ਅਤੇ ਬਾਕੀ ਮਾਮਲੇ ‘ਤੇ ਪੰਜਾਬ ਸਰਕਾਰ ਨਾਲ ਵਿਚਾਰ ਕੀਤਾ ਜਾਵੇਗਾ | ਯੂਨੀਅਨ ਨੇ ਸਬ-ਸਟੇਸ਼ਨ ਸਟਾਫ਼ ਨਾਲ ਸਬੰਧਤ ਹੋਰ ਅਹਿਮ ਮੰਗਾਂ ‘ਤੇ ਵੀ ਚਰਚਾ ਕੀਤੀ ਅਤੇ ਸੀ.ਐੱਮ.ਡੀ. ਤੋਂ ਵੱਖਰੀ ਮੀਟਿੰਗ ਦੀ ਮੰਗ ਕੀਤੀ, ਜਿਸ ‘ਤੇ ਉਨ੍ਹਾਂ ਅਗਲੇ ਹਫ਼ਤੇ ਮੀਟਿੰਗ ਕਰਵਾਉਣ ਲਈ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ |
ਪਾਵਰਕਾਮ ਅਤੇ ਪੀ.ਐੱਸ.ਟੀ.ਸੀ.ਐੱਲ. ਦੇ ਠੇਕਾ ਵਰਕਰਾਂ ਨੂੰ 15 ਜੂਨ ਤੱਕ ਰੋਲ ’ਤੇ ਲੈਣ ਦੀ ਮੰਗ
ਅਜੀਤ ਡੈਸਕ
15-06-2026