ਮਾਛੀਵਾੜਾ ਸਾਹਿਬ, 19 ਜੂਨ (ਰਾਜਦੀਪ ਸਿੰਘ ਅਲਬੇਲਾ)-ਗਤਕਾ ਨੂੰ ਇਕ ਖੇਡ ਦੇ ਰੂਪ ‘ਚ ਪੂਰੇ ਭਾਰਤ ਅੰਦਰ ਪ੍ਰਫੁੱਲਿਤ ਕਰਨ ਲਈ ਗਤਕਾ ਫੈਡਰੇਸ਼ਨ ਆਫ਼ ਇੰਡੀਆ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੀ ਹੈ ਅਤੇ ਇਸੇ ਲੜੀ ਤਹਿਤ ਫੈਡਰੇਸ਼ਨ ਵਲੋਂ ਸ਼ੇਰ-ਏ-ਕਸ਼ਮੀਰ ਇੰਡੋਰ ਸਟੇਡੀਅਮ, ਸ਼੍ਰੀ ਨਗਰ ਵਿਖੇ 21 ਤੋਂ 23 ਜੂਨ 2026 ਨੂੰ ਰਾਸ਼ਟਰ ਪੱਧਰੀ ਗਤਕਾ ਰਿਫਰੈਸ਼ਰ ਕੋਰਸ ਕਮ ਟਰੇਨਿੰਗ ਕੈਂਪ ਲਗਾਇਆ ਜਾ ਰਿਹਾ ਹੈ। ਫੈਡਰੇਸ਼ਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਕਿਸੇ ਵੀ ਖੇਡ ਨੂੰ ਵਿਸ਼ਵ ਪੱਧਰ ਤੱਕ ਲੈ ਕੇ ਜਾਣ ਲਈ ਉਸ ਦੇ ਨਿਯਮਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਗਤਕਾ ਇੱਕ ਨਵੀਂ ਖੇਡ ਹੈ। ਉਨ੍ਹਾਂ ਕਿਹਾ ਕਿ ਇਸ ਖੇਡ ਦੇ ਨਿਯਮਾਂ ‘ਚ ਸਮੇਂ-ਸਮੇਂ ‘ਤੇ ਸੋਧਾਂ ਕੀਤੀਆਂ ਜਾ ਰਹੀਆਂ ਹਨ। ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਪਿਛਲੇ ਦਿਨੀਂ ਗਤਕਾ ਫੈਡਰੇਸ਼ਨ ਆਫ਼ ਇੰਡੀਆ ਵਲੋਂ ਛਾਪੀ ਗਤਕਾ ਨਿਯਮ ਕਿਤਾਬ ਵਿਚ ਵੱਡੇ ਪੱਧਰ ‘ਤੇ ਸੋਧਾਂ ਕੀਤੀਆਂ ਗਈਆਂ ਸਨ, ਜਿਸ ਦੀ ਜਾਣਕਾਰੀ ਦੇਣ ਲਈ ਇਹ ਤਿੰਨ ਰੋਜ਼ਾ ਗਤਕਾ ਰਿਫਰੈਸ਼ਰ ਕੋਰਸ ਕਮ ਟਰੇਨਿੰਗ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿਚ ਭਾਰਤ ਦੇ 16 ਰਾਜਾਂ ਤੋਂ 113 ਕੋਚ ਅਤੇ ਰੈਫ਼ਰੀ ਭਾਗ ਲੈਣ ਆ ਰਹੇ ਹਨ। ਉਨ੍ਹਾਂ ਨੂੰ ਨਵੇਂ ਨਿਯਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਆਉਣ ਵਾਲੇ ਸਮੇਂ ‘ਚ ਉਹ ਨਿਰਪੱਖ ਅਤੇ ਸੁਚੱਜੇ ਢੰਗ ਦੇ ਨਾਲ ਰੈਫਰੀਸ਼ਿਪ ਕਰ ਸਕਣ। ਇਸ ਕੈਂਪ ਨੂੰ ਜੰਮੂ ਅਤੇ ਕਸ਼ਮੀਰ ਗਤਕਾ ਐਸੋਸੀਏਸ਼ਨ ਵੱਲੋਂ ਮੇਜ਼ਬਾਨ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਾਰੇ ਹੀ ਕੋਚ ਅਤੇ ਰੈਫ਼ਰੀਆਂ ਦੇ ਰਹਿਣ ਅਤੇ ਖਾਣ ਪੀਣ ਦਾ ਸੁਚੱਜਾ ਪ੍ਰਬੰਧ ਕੀਤਾ ਜਾਵੇਗਾ।
ਨੈਸ਼ਨਲ ਰਿਫਰੈਸ਼ਰ ਕੋਰਸ ਕਮ ਟਰੇਨਿੰਗ ਕੈਂਪ ’ਚ 16 ਰਾਜਾਂ ਦੇ 113 ਕੋਚ ਅਤੇ ਰੈਫ਼ਰੀ ਹੋਣਗੇ ਸ਼ਾਮਿਲ-ਤੂਰ
ਅਜੀਤ ਡੈਸਕ
20-06-2026