ਮਾਛੀਵਾੜਾ ਸਾਹਿਬ, 25 ਜੂਨ (ਮਨੋਜ ਕੁਮਾਰ)-ਪਿਛਲੇ ਕਾਫੀ ਸਮੇਂ ਤੋਂ ਵਿਵਾਦਾਂ ਵਿਚ ਘਿਰੇ ਸਤਲੁਜ ਦਰਿਆ ‘ਤੇ ਬਣੇ ਕਰੋੜਾਂ ਦੀ ਲਾਗਤ ਵਾਲੇ ਮਾਛੀਵਾੜਾ ਤੋ ਰਾਹੋਂ-ਨਵਾਂਸ਼ਹਿਰ ਨੂੰ ਜੋੜਨ ਵਾਲੇ ਪੁਲ ਦੀ ਖਸਤਾ ਹਾਲਤ ਮਾਮਲੇ ਵਿਚ ਅਖੀਰ ਪ੍ਰਸ਼ਾਸਨ ਨੇ ਗਹਿਰੀ ਨੀਂਦ ਤੋਂ ਜਾਗਦੇ ਹੋਏ ਇੱਕ ਵੱਡਾ ਕਦਮ ਚੁੱਕਿਆ ਹੈ। ਇਸ ਪੁਲ ਉੱਪਰੋਂ ਅਖੀਰ ਵੱਡੇ ਤੇ ਭਾਰੀ ਵਾਹਨ ਜਿਨ੍ਹਾਂ ਵਿਚ ਰੋਜ਼ਾਨਾ ਨਿਕਲਣ ਵਾਲੇ ਕਈ ਸੈਂਕੜੇ ਟਿੱਪਰ ਵਾਹਨਾਂ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਹੈ। ਇਸ ਪੁਲ ਦੀ ਖਸਤਾ ਹਾਲਤ ਤੇ ਆਮ ਲੋਕਾਂ ਦੀ ਜ਼ਿੰਦਗੀ ਸੁਰੱਖਿਅਤ ਕਰਨ ਲਈ ਅਜੀਤ ਗਰੁੱਪ ਨੇ ਆਪਣਾ ਫ਼ਰਜ਼ ਸਮਝਦੇ ਹੋਏ ਨਾ ਸਿਰਫ਼ ਪ੍ਰਿੰਟ ਮੀਡੀਆ, ਬਲਕਿ ਅਜੀਤ ਵੈੱਬ ਟੀ. ਵੀ. ’ਤੇ ਸਪੈਸ਼ਲ ਸਟੋਰੀ ਦਿਖਾਈ ਸੀ। ਇਸ ਦੇ ਮਹਿਜ਼ ਕੁੱਝ ਘੰਟਿਆਂ ਬਾਦ ਇਸ ਦਾ ਅਸਰ ਦੇਖਣ ਨੂੰ ਵੀ ਮਿਲਿਆ ਤੇ ਫਿਲਹਾਲ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ। ਅਸਲ ਵਿਚ ਇਸ ਪੁਲ ਦਾ ਇੱਕ ਵੱਡਾ ਹਿੱਸਾ ਇਸ ਕਦਰ ਟੁੱਟ ਗਿਆ ਹੈ ਕਿ ਹੁਣ ਸਰੀਆ ਵੀ ਸ਼ਰੇਆਮ ਦਿਖਾਈ ਦੇਣ ਲੱਗ ਪਿਆ ਹੈ। ਇਸ ਹਾਲਤ ਦੇ ਬਾਵਜੂਦ ਰੋਜ਼ਾਨਾ ਇਸ ਪੁਲ ਤੋਂ ਸੈਂਕੜੇ ਟਿੱਪਰ ਤੇ ਹੋਰ ਭਾਰੀ ਵਾਹਨ ਲੰਘ ਰਹੇ ਹਨ, ਜਿਸ ਨਾਲ ਹਰ ਸਮੇਂ ਕੋਈ ਨਾ ਕੋਈ ਵੱਡੀ ਘਟਨਾ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਹਾਲਾਂਕਿ ਅਜੇ ਇਸ ਪੁਲ ਤੋਂ ਕਾਰਾਂ ਦੇ ਲੰਘਣ ਲਈ ਰਸਤਾ ਰੱਖਿਆ ਗਿਆ ਹੈ। ਦੇਖਣਾ ਇਹ ਹੈ ਕਿ ਇਸ ਦਾ ਅਸਰ ਕਿੰਨਾ ਸਾਰਥਿਕ ਹੁੰਦਾ ਹੈ ਕਿ ਕਿਤੇ ਕੁੱਝ ਦਿਨਾਂ ਬਾਦ ਵੀ ਇਨ੍ਹਾਂ ਭਾਰੀ ਰੁਕਾਵਟਾਂ ਨੂੰ ਫਿਰ ਨਾ ਹਟਾ ਦਿੱਤਾ ਜਾਵੇ।