ਦੋਰਾਹਾ, 25 ਜੂਨ (ਮਨਜੀਤ ਸਿੰਘ ਗਿੱਲ)-ਆਮ ਆਦਮੀ ਪਾਰਟੀ ਜਿਲਾ ਲੁਧਿਆਣਾ ਦਿਹਾਤੀ ਐਸ. ਸੀ ਵਿੰਗ ਦੇ ਪ੍ਰਧਾਨ ਡਾ. ਜਸਪ੍ਰੀਤ ਸਿੰਘ ਬੀਜਾ ਅਤੇ ਪਾਰਟੀ ਦੇ ਟਕਸਾਲੀ ਆਗੂ ਹਰਜੀਤ ਸਿੰਘ ਖਰੇ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਲਗਾਤਾਰ ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਅਤੇ ਲੋਕਾਂ ਦੇ ਦੁੱਖਾਂ ਸੁੱਖਾਂ ਵਿੱਚ ਸਾਂਝ ਪਾ ਰਹੇ ਹਨ ਅਤੇ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਸਰਕਾਰ ਵੱਲੋਂ ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਾ ਕਰਦੇ ਹੋਏ ਅਤੇ ਵਾਅਦਿਆਂ ਤੋਂ ਇਲਾਵਾ ਵੀ ਜੋ ਲੋਕ ਹਿਤੈਸ਼ੀ ਕੰਮ ਹਰ ਵਰਗ ਲਈ ਕੀਤੇ ਜਾ ਰਹੇ ਹਨ। ਉਨ੍ਹਾਂ ਕੰਮਾਂ ਤੋਂ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਦਿਖਾਈ ਦੇ ਰਹੇ ਹਨ, ਜਿਸ ਤੋਂ ਵਿਰੋਧੀ ਘਬਰਾ ਕੇ ਗਲਤ ਬਿਆਨਬਾਜ਼ੀਆਂ ਕਰਕੇ ਸਰਕਾਰ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਪਰ ਲੋਕਾਂ ਤੇ ਇਹਨਾਂ ਗੱਲਾਂ ਦਾ ਕੋਈ ਵੀ ਅਸਰ ਨਹੀਂ ਦਿਖਾਈ ਦੇ ਰਿਹਾ। ਓਹਨਾਂ ਕਿਹਾ ਕਿ ਲੋਕ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਪਾਰਟੀ ਨੂੰ ਇੱਕ ਵਾਰ ਫੇਰ ਫ਼ਤਵਾ ਦੇਣ ਲਈ ਤਿਆਰ ਹਨ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਵਰਿੰਦਰ ਸ਼ਰਮਾ ਅਤੇ ਸਵਰਨਜੀਤ ਸਿੰਘ ਬਾਘਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।