ਮਾਛੀਵਾੜਾ ਸਾਹਿਬ, 26 ਜੂਨ (ਰਾਜਦੀਪ ਸਿੰਘ ਅਲਬੇਲਾ)-ਬੀਤੇ ਦਿਨੀਂ ਅਮਰੀਕਾ ਵਿਖੇ ਸੜਕ ਹਾਦਸੇ ਦੌਰਾਨ ਰੋਪੜ ਰੋਡ ‘ਤੇ ਸਥਿਤ ਪਿੰਡ ਹੇਡੋਂ ਬੇਟ ਦੇ ਰਹਿਣ ਵਾਲੇ ਨੌਜਵਾਨ ਦੀ ਸੇਖ਼ਪ੍ਰੀਤ ਸਿੰਘ ਉਰਫ਼ ਸੇਖੀ (27) ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੇਖ਼ਪ੍ਰੀਤ ਸਿੰਘ ਉਰਫ਼ ਸੇਖ਼ੀ ਆਪਣੇ ਵਧੀਆ ਭਵਿੱਖ ਲਈ 3 ਸਾਲ ਪਹਿਲਾਂ ਅਮਰੀਕਾ ਵਿਖੇ ਗਿਆ ਸੀ ਜੋ ਕਿ ਉੱਥੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਬੀਤੇ ਦਿਨੀਂ ਉਹ ਅਮਰੀਕਾ ਦੇ ਉੱਤਰੀ ਫ਼ਿਲਾਡੈਲਫ਼ੀਆ ਵਿਖੇ ਆਪਣਾ ਟਰਾਲਾ ਖੜ੍ਹਾ ਕਰ ਕੇ ਕੁੱਝ ਹੀ ਦੂਰੀ ‘ਤੇ ਸਥਿਤ ਆਪਣੇ ਘਰ ਵੱਲ ਕਾਰ ਵਿਚ ਸਵਾਰ ਹੋ ਕੇ ਜਾ ਰਿਹਾ ਸੀ, ਇਸ ਦੌਰਾਨ 21ਵੀਂ ਸਟਰੀਟ ਅਤੇ ਸੈਸਲ ਦੇ ਚੌਰਾਹੇ ਨੇੜੇ ਉਸ ਦਾ ਕਾਰ ਹਾਦਸਾਗ੍ਰਸਤ ਹੋ ਗਈ ਜਿਸ ਵਿਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੇਖਪ੍ਰੀਤ ਸਿੰਘ ਸੇਖੀ ਨੇ ਕੁੱਝ ਸਮਾਂ ਪਹਿਲਾਂ ਹੀ ਨਵੀਂ ਰੂਬੀਕੋਨ ਕਾਰ ਖਰੀਦੀ ਸੀ। ਮ੍ਰਿਤਕ ਸੇਖ਼ਪ੍ਰੀਤ ਸਿੰਘ ਸੇਖ਼ੀ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਿਸ ਦੀ ਮੌਤ ਨਾਲ ਪਿੰਡ ਹੇਡੋਂ ਬੇਟ ਤੇ ਇਲਾਕੇ ਵਿਚ ਵਿਖੇ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਵਲੋਂ ਮ੍ਰਿਤਕ ਸੇਖ਼ਪ੍ਰੀਤ ਸਿੰਘ ਦੀ ਦੇਹ ਭਾਰਤ ਲਿਆਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ।