ਰਾੜਾ ਸਾਹਿਬ, 28 ਜੂਨ (ਸੁਖਵੀਰ ਸਿੰਘ ਚਣਕੋਈਆਂ)-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਅੱਜ ਇਤਿਹਾਸਿਕ ਪਿੰਡ ਘੁਡਾਣੀ ਕਲ੍ਹਾਂ ਤੋਂ ਹਲਕਾ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਦੀ ਰਹਿਨੁਮਾਈ ਹੇਠ ਸੰਗਤਾਂ ਜਥਾ ਰਵਾਨਾ ਕੀਤਾ ਗਿਆ। ਇਸ ਸਮੇਂ ਸਰਪੰਚ ਗੁਰਿੰਦਰ ਸਿੰਘ, ਚੇਅਰਮੈਨ ਅਵਤਾਰ ਸਿੰਘ ਅਤੇ ਸਾਬਕਾ ਸਰਪੰਚ ਹਰਿੰਦਰਪਾਲ ਸਿੰਘ ਹਨੀ ਵੱਲੋਂ ਝੰਡੀ ਲਹਿਰਾ ਕੇ ਬੱਸ ਨੂੰ ਰਵਾਨਾ ਕੀਤਾ ਗਿਆ। ਤੀਰਥ ਯਾਤਰਾ ‘ਤੇ ਬੱਸ ਨੂੰ ਰਵਾਨਾ ਕਰਨ ਸਮੇਂ ਸਰਪੰਚ ਗੁਰਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਉਨ੍ਹਾਂ ਦੇ ਪਿੰਡ ਘੁਡਾਣੀ ਕਲ੍ਹਾਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਮੁਹਿੰਮ ਤਹਿਤ ਬੱਸ ਰਵਾਨਾ ਕੀਤੀ ਗਈ ਹੈ, ਜਿਸ ਵਿੱਚ ਕਰੀਬ 30 ਸ਼ਰਧਾਲੂ ਰਵਾਨਾ ਹੋਏ ਹਨ ਉਨ੍ਹਾਂ ਦੱਸਿਆ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਗਵਾਨ ਸ੍ਰੀ ਵਾਲਮੀਕਿ ਮੰਦਿਰ, ਦੁਰਗਿਆਣਾ ਮੰਦਿਰ ਅਤੇ ਬਾਘਾ ਬਾਰਡਰ ਆਦਿ ਧਾਰਮਿਕ ਸਥਾਨਾਂ ਦੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਕਰਵਾਏ ਜਾਣਗੇ । ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਪਾਇਲ ਦੇ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਦਾ ਧੰਨਵਾਦ ਕੀਤਾ। ਇਸ ਮੌਕੇ ਹਲਕਾ ਕੋਆਰਡੀਨੇਟਰ ਗੁਰਜਿੰਦਰ ਸਿੰਘ, ਹਲਕਾ ਮੈਨੇਜਰ ਪੁਨੀਤ ਰੇਨੂੰ, ਅਰਸ਼ਦੀਪ ਸਿੰਘ, ਗੁਰਮੀਤ ਕੌਰ, ਜਸਵੀਰ ਸਿੰਘ, ਹਰਪ੍ਰੀਤ ਸਿੰਘ ਅਤੇ ਲਖਵੀਰ ਸਿੰਘ ਸਮੇਤ ਸਾਬਕਾ ਸਰਪੰਚ ਹਰਿੰਦਰਪਾਲ ਸਿੰਘ ਹਨੀ, ਚੇਅਰਮੈਨ ਅਵਤਾਰ ਸਿੰਘ , ਜਥੇਦਾਰ ਦੀਦਾਰ ਸਿੰਘ ਘੁਡਾਣੀ ਬਲਾਕ ਪ੍ਰਧਾਨ, ਜਗਤਾਰ ਸਿੰਘ ਘੁਡਾਣੀ, ਵਿੱਕੀ ਬਾਬਾ, ਕੁਲਵੀਰ ਸਿੰਘ, ਕਾਮਾ ਘੁਡਾਣੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਸੰਗਤਾਂ ਸਨ।