ਬੀਜਾ, 29 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਦੀ ਬਜਾਇ ਇਕ ਨਿਮਾਣੇ ਸਿੱਖ ਵਜੋਂ ਝੁਕ ਜਾਣਾ ਚਾਹੀਦਾ ਹੈ। ਇਹ ਦਾ ਪ੍ਰਗਟਾਵਾ ਇਫਕੋ ਪੰਜਾਬ ਦੇ ਡੈਲੀਗੇਟ ਨਵਤੇਜ ਸਿੰਘ ਖੱਟੜਾ ਸਪੁੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਦਵਿੰਦਰ ਸਿੰਘ ਖੱਟੜਾ ਨੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਮੁੱਖ ਮੰਤਰੀ ਮਾਨ ਅਤੇ ਪੰਜਾਬ ਸਰਕਾਰ ਦਾ ਸੋਸ਼ਲ ਮੀਡੀਆ ਲਗਾਤਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅਮਲ ਵਿੱਚ ਲਿਆਂਦੀ ਕਾਰਵਾਈ ਨੂੰ ਟਿੱਚ ਸਮਝਣ ਦਾ ਯਤਨ ਕਰ ਰਿਹਾ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਖ਼ਿਲਾਫ਼ ਲਗਾਤਾਰ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਕਰਨਾ ਸੰਭਵ ਨਹੀਂ। ਉਨ੍ਹਾਂ ਕਿਹਾ ਕਿ 5 ਜੁਲਾਈ ਨੂੰ ਹੋਣ ਵਾਲੀ ਪੰਥਕ ਇਕੱਤਰਤਾ ਵਿੱਚ ਸਿੱਖ ਕੌਮ ਅਤੇ ਸਿੱਖ ਪੰਥ ਵੱਲੋਂ ਅਹਿਮ ਫ਼ੈਸਲੇ ਲਏ ਜਾਣਗੇ ਅਤੇ ਸਾਰੇ ਸਿੱਖ ਆਗੂਆਂ ਅਤੇ ਵਰਕਰਾਂ ਨੂੰ ਇਸ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਇਸ ਮੌਕੇ ਮੈਨੇਜਰ ਇਕਬਾਲ ਸਿੰਘ, ਕੇਹਰ ਸਿੰਘ ਮਗਰ, ਮਨਦੀਪ ਸਿੰਘ ਖ਼ਾਲਸਾ,ਪਰਮਿੰਦਰ ਸਿੰਘ ਗਰਚਾ, ਜਗਮੇਲ ਸਿੰਘ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ ਰੁਪਾਲੋਂ, ਗੁਰਬਿੰਦਰ ਸਿੰਘ ਜੈਪੁਰਾ, ਅੰਮ੍ਰਿਤਪਾਲ ਸਿੰਘ, ਰਾਜਿੰਦਰ ਸਿੰਘ ਤੇ ਹੋਰ ਹਾਜ਼ਰ ਸਨ।