ਮਾਛੀਵਾੜਾ ਸਾਹਿਬ, 29 ਜੂਨ (ਮਨੋਜ ਕੁਮਾਰ)-ਲੋਕ ਨਿਰਮਾਣ ਵਿਭਾਗ ਵਲੋਂ ਮਾਛੀਵਾੜਾ ਦੇ ਬੇਟ ਇਲਾਕੇ ਵਿਚ ਸੜਕਾਂ ਬਣਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਕੰਮ ਆਰੰਭਿਆ ਹੋਇਆ ਹੈ ਪਰ ਸੜਕਾਂ ’ਤੇ ਪਿਆ ਪੱਥਰ ਰਾਹਗੀਰਾਂ ਤੇ ਪਿੰਡ ਵਾਸੀਆਂ ਲਈ ਮੁਸੀਬਤ ਬਣਿਆ ਹੋਇਆ ਹੈ। ਪਿੰਡ ਜਾਤੀਵਾਲ ਵਿਖੇ ਬਲਾਕ ਸੰਮਤੀ ਮੈਂਬਰ ਕੁਲਦੀਪ ਸਿੰਘ ਜਾਤੀਵਾਲ ਨੇ ਦੱਸਿਆ ਕਿ ਮਾਛੀਵਾੜਾ ਦੇ ਬੇਟ ਇਲਾਕੇ ਦੇ ਪਿੰਡਾਂ ਜਾਤੀਵਾਲ, ਜੱਸੋਵਾਲ, ਮਿਲਕੋਵਾਲ, ਈਸਾਪੁਰ ਅਤੇ ਮੰਡ ਝੜੌਦੀ ਦੀਆਂ ਸੜਕਾਂ ਬਣਾਉਣ ਲਈ ਅੱਜ ਤੋਂ ਕਰੀਬ 10 ਮਹੀਨੇ ਪਹਿਲਾਂ ਪੱਥਰ ਪਾਇਆ ਗਿਆ ਸੀ। ਪਰ ਇੰਨੇ ਮਹੀਨੇ ਗੁਜ਼ਰ ਜਾਣ ਦੇ ਬਾਅਦ ਵੀ ਵਿਭਾਗ ਵਲੋਂ ਇਸ ’ਤੇ ਪ੍ਰੀਮਿਕਸ ਨਹੀਂ ਪਾਈ ਗਈ, ਜਿਸ ਕਾਰਨ ਸੜਕਾਂ ’ਤੇ ਪਾਇਆ ਇਹ ਪੱਥਰ ਰਾਹਗੀਰਾਂ ਤੇ ਪਿੰਡ ਵਾਸੀਆਂ ਲਈ ਮੁਸੀਬਤ ਬਣ ਗਿਆ। ਉਨ੍ਹਾਂ ਦੱਸਿਆ ਕਿ ਇਹ ਪੱਥਰ ਆਲੇ ਦੁਆਲੇ ਖਿੱਲਰ ਗਏ ਹਨ ਤੇ ਇਸ ਤੋਂ ਲੰਘਣ ਵਾਲੇ ਕਈ ਮੋਟਰਸਾਈਕਲ ਸਵਾਰਾਂ ਤੇ ਹੋਰ ਵਾਹਨਾਂ ਦੇ ਟਾਇਰਾਂ ਨੂੰ ਨੁਕਸਾਨ ਪੁੱਜਿਆ ਹੈ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਨ੍ਹਾਂ ਅਧੂਰੀਆਂ ਪਈਆਂ ਸੜਕਾਂ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ ਤਾਂ ਜੋ ਬੇਟ ਇਲਾਕੇ ਦੇ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਸਬੰਧੀ ਜਦੋਂ ਲੋਕ ਨਿਰਮਾਣ ਵਿਭਾਗ ਦੇ ਜੇ. ਈ. ਦਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਠੇਕੇਦਾਰ ਕੋਲ ਲੁੱਕ ਦੀ ਮਾਤਰਾ ਘੱਟ ਹੋਣ ਕਾਰਨ ਇਨ੍ਹਾਂ ਸੜਕਾਂ ਦੇ ਨਿਰਮਾਣ ਵਿਚ ਦੇਰੀ ਹੋਈ ਹੈ। ਉਨ੍ਹਾਂ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਚਾਰ ਪੰਜ ਦਿਨਾਂ ਵਿਚ ਇਨ੍ਹਾਂ ਸੜਕਾਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਜਾਵੇਗਾ।