ਮਲੌਦ, 2 ਜੁਲਾਈ (ਦਿਲਬਾਗ ਸਿੰਘ ਚਾਪੜਾ)-ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਿਨੋਂ-ਦਿਨ ਵੱਧ ਰਹੀ ਲੋਕਪ੍ਰੀਅਤਾ ਨੂੰ ਦੇਖਦੇ ਹੋਏ ਵਿਰੋਧੀ ਪਾਰਟੀਆਂ ਦੇ ਵਿੱਚ ਬੌਖਲਾਹਟ ਦਾ ਮਾਹੌਲ ਪੈਦਾ ਹੋ ਚੁੱਕਿਆ, ਜਿਸ ਕਰ ਕੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਬੇਤੁਕੀਆਂ ਬਿਆਨਬਾਜ਼ੀਆਂ ‘ਤੇ ਉੱਤਰ ਆਏ ਹਨ। ਸੂਬੇ ਦੀ ਮਾਨ ਸਰਕਾਰ ਵਲੋਂ ਪੰਜਾਬੀਆਂ ਨਾਲ ਕੀਤੇ ਵਾਅਦੇ ਤਾਂ ਪੂਰੇ ਕੀਤੇ ਹੀ ਗਏ ਨੇ, ਸਗੋਂ ਵਾਅਦਿਆਂ ਤੋਂ ਬਿਨਾਂ ਵੀ ਕਈ ਅਜਿਹੇ ਕੰਮ ਪੰਜਾਬ ਲਈ ਕੀਤੇ ਗਏ ਜੋ ਕਿ ਆਮ ਲੋਕਾਂ ਦੇ ਲਈ ਮੀਲ ਪੱਥਰ ਸਾਬਤ ਹੋਏ ਹਨ। ਪੰਜਾਬ ਦੀਆਂ ਆਮ ਅਤੇ ਗਰੀਬ ਵਰਗ ਦੀਆਂ ਔਰਤਾਂ ਨੂੰ ਆਰਥਿਕ ਪੱਖੋਂ ਸਹਾਰਾ ਦੇਣ ਲਈ ਲੰਘੀ ਇਕ ਜੁਲਾਈ ਤੋਂ ਉਨ੍ਹਾਂ ਦੇ ਖਾਤਿਆਂ ਵਿਚ ਪੈਸੇ ਜਾਣੇ ਸ਼ੁਰੂ ਹੋ ਚੁੱਕੇ ਹਨ ਜੋ ਕਿ ਹਲਕੇ ਦੇ ਸਾਬਕਾ ਵਿਧਾਇਕ ਸਾਹਿਬ ਨੂੰ ਹਜ਼ਮ ਨਹੀਂ ਹੋ ਰਹੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਪ ਦੇ ਜ਼ਿਲ੍ਹਾ ਲੁਧਿਆਣਾ ਦੇ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਬੀਜਾ ਨੇ ਕਰਦਿਆਂ ਕਿਹਾ ਕਿ ਇਹਨਾਂ ਬੇਤੁਕੀਆਂ ਬਿਆਨਬਾਜ਼ੀਆਂ ਦੀ ਬਜਾਏ ਸਾਬਕਾ ਵਿਧਾਇਕ ਇਹ ਦੱਸਣ ਕਿ ਉਨ੍ਹਾਂ ਨੇ ਪਿਛਲੇ ਪੰਜ ਸਾਲਾਂ ਦੇ ਦੌਰਾਨ ਹਲਕਾ ਪਾਇਲ ਦੇ ਲੋਕਾਂ ਲਈ ਕਿਹੜਾ ਅਜਿਹਾ ਕੰਮ ਕੀਤਾ ਕਿ ਜਿਸ ਕਰ ਕੇ ਉਹ ਲੋਕਾਂ ਦੀ ਕਚਹਿਰੀ ਵਿਚ ਦੁਬਾਰਾ ਤੋਂ ਵੋਟ ਮੰਗਣ ਜਾਣਗੇ। ਸਾਬਕਾ ਵਿਧਾਇਕ ਇਹੀ ਦੱਸ ਦੇਣ ਕਿ ਉਨ੍ਹਾਂ ਦਾ ਜੱਦੀ ਪੁਸ਼ਤੀ ਸ਼ਹਿਰ ਪਾਇਲ ਜਿੱਥੋਂ ਦੇ ਉਹ ਵਸਨੀਕ ਹਨ, ਉਸ ਸ਼ਹਿਰ ਲਈ ਕੀ ਕੋਈ ਇੱਕ ਕੰਮ ਗਿਣਾ ਸਕਦੇ ਹਨ ਜਿਸ ਦੀ ਬਦੌਲਤ ਉਹ ਸੀਨਾ ਤਾਣ ਕੇ ਕਹਿ ਸਕਣ ਕਿ ਇਹ ਮੇਰੇ ਵਿਧਾਇਕ ਹੁੰਦਿਆਂ ਇਹ ਕੰਮ ਕੀਤਾ ਗਿਆ ਹੈ। ਸ਼ਾਇਦ ਸਾਬਕਾ ਵਿਧਾਇਕ ਇਹ ਭੁੱਲ ਗਏ ਕਿ ਉਨ੍ਹਾਂ ਦੀ ਸਰਕਾਰ ਘਰ ਘਰ ਨੌਕਰੀ ਦਾ ਵਾਅਦਾ ਕਰ ਕੇ ਮੁੱਕਰੀ ਸੀ ਅਤੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਉਹ ਵੀ ਮੁੱਕਰ ਗਏ ਸਨ। ਐੱਸ. ਸੀ. ਵਰਗ ਲਈ ਪੰਜ ਪੰਜ ਮਰਲਿਆਂ ਦੇ ਪਲਾਟ ਦੇਣ ਦਾ ਵਾਅਦਾ ਕਿਧਰ ਗਿਆ, ਉਨ੍ਹਾਂ ਬਾਰੇ ਹੀ ਦੱਸ ਦੇਣ। ਸੱਚ ਤਾਂ ਇਹ ਹੈ ਕਿ ਹੁਣ ਵਿਰੋਧੀ ਪਾਰਟੀਆਂ ਨੂੰ ਆਪਣੇ ਥੱਲਿਓਂ ਸਿਆਸੀ ਜ਼ਮੀਨ ਖਿਸਕ ਦੀ ਨਜ਼ਰ ਆ ਰਹੀ ਹੈ, ਜਿਸ ਕਰ ਕੇ ਇਹ ਬੇਤੁਕੀਆਂ ਬਿਆਨਬਾਜ਼ੀਆਂ ਦੀਆਂ ਫੌੜ੍ਹੀਆਂ ਬਣਾ ਕੇ ਸਹਾਰਾ ਲੈਣਾ ਚਾਹੁੰਦੇ ਹਨ।