ਡੇਹਲੋਂ, 2 ਜੁਲਾਈ (ਅੰਮ੍ਰਿਤਪਾਲ ਸਿੰਘ ਕੈਲੇ)-ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਲੋਂ ਹਲਕੇ ਅੰਦਰ ਸ਼ੁਰੂ ਕੀਤੇ ਲੋਕ ਮਿਲਣੀ ਪ੍ਰੋਗਰਾਮਾਂ ਦੀ ਲੜੀ ਹੇਠ ਉਮੈਦਪੁਰ, ਗੁਰਮ, ਸ਼ੰਕਰ, ਘਵੱਦੀ, ਸੀਲੋਂ ਕਲਾਂ, ਸੀਲੋਂ ਖ਼ੁਰਦ, ਮੁਕੰਦਪੁਰ ਸਮੇਤ ਦਰਜਨਾਂ ਪਿੰਡਾਂ ਅੰਦਰ ਪ੍ਰਭਾਵੀ ਮੀਟਿੰਗਾਂ ਸਮੇਂ ਕਿਹਾ ਕਿ ਸੂਬੇ ਦੀ ਆਪ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਪਿੰਡ ਗੁਰਮ ਵਿਖੇ ਮਾਰਕੀਟ ਕਮੇਟੀ ਕਿਲ੍ਹਾ ਰਾਏਪੁਰ ਦੇ ਚੇਅਰਮੈਨ ਜਗਦੀਪ ਸਿੰਘ ਜੱਗੀ ਦਿਉਲ ਗੁਰਮ ਦੀ ਅਗਵਾਈ ਹੇਠ ਭਰਵੀਂ ਇਕੱਤਰਤਾ ਵਿਚ ਲੋਕ ਮਿਲਣੀ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੰਗੋਵਾਲ ਨੇ ਦਾਅਵਾ ਪ੍ਰਗਟਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਹਿਤਾਂ ਲਈ ਸੈਂਕੜੇ ਭਲਾਈ ਸਕੀਮਾਂ ਲਿਆਂਦੀਆਂ, ਜਿਸ ਨੇ ਸਾਰੇ ਵਰਗਾਂ ਦੇ ਲੋਕਾਂ ਨੂੰ ਖ਼ੁਸ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜਿੱਥੇ ਵਿਕਾਸ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ। ਉਸ ਦੇ ਨਾਲ ਹੀ ਹਲਕਾ ਗਿੱਲ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਕਰੋੜਾਂ ਰੁਪਏ ਦੀ ਗਰਾਂਟ ਨਾਲ ਬਿਨਾਂ ਭੇਦ-ਭਾਵ ਵਿਕਾਸ ਕਾਰਜ ਚੱਲ ਰਹੇ ਹਨ, ਜਿਸ ਤੋਂ ਸਾਬਤ ਹੋ ਚੁੱਕਾ ਹੈ ਕਿ ਆਪ ਸਰਕਾਰ ਦੇ ਕਾਰਜਕਾਲ ਦੌਰਾਨ ਦੂਸਰੀਆਂ ਪਾਰਟੀਆਂ ਦੇ ਮੁਕਾਬਲੇ ਸਭ ਤੋਂ ਵੱਧ ਵਿਕਾਸ ਕੰਮ ਹੋ ਰਹੇ ਹਨ। ਵਿਧਾਇਕ ਸੰਗੋਵਾਲ ਨੇ ਕਿਹਾ ਕਿ ਹਲਕਾ ਗਿੱਲ ਦੇ ਸਰਬਪੱਖੀ ਵਿਕਾਸ ਲਈ ਵੱਡੀ ਰਾਸ਼ੀ ਵਿਚ ਗਰਾਂਟਾਂ ਦੀ ਵੰਡ ਕੀਤੀ ਜਾ ਰਹੀ ਹੈ ਅਤੇ ਪਿੰਡਾਂ ਦੀ ਨੁਹਾਰ ਬਦਲਣ ਲਈ ਬਿਨਾਂ ਭੇਦ-ਭਾਵ ਵਿਕਾਸ ਕਾਰਜ ਜ਼ੋਰਾਂ ‘ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਹਰ ਵਰਗ ਲਈ ਬਣਦੀਆਂ ਸਹੂਲਤਾਂ ਪ੍ਰਦਾਨ ਕਰ ਕੇ ਆਪ ਸਰਕਾਰ ਨੇ ਦਰਸਾ ਦਿੱਤਾ ਹੈ ਕਿ ਸੂਬੇ ਦੀ ਭਲਾਈ ਹਿਤ ਆਪ ਸਰਕਾਰ ਨੇ ਪਹਿਲੀਆਂ ਸਾਰੀਆਂ ਸਰਕਾਰਾਂ ਦੇ ਕੰਮਾਂ ਨੂੰ ਪਛਾੜਦਿਆਂ ਹੁਣ ਤੱਕ ਦੇ ਰਾਜ ਅੰਦਰ ਹੀ ਵਧੇਰੇ ਲੋਕ ਹਿਤਾਂ ਸੰਬੰਧੀ ਕੰਮ ਕਰਨ ਦਾ ਰਿਕਾਰਡ ਬਣਾਇਆ ਹੈ। ਇਸ ਸਮੇਂ ਚੇਅਰਮੈਨ ਜਗਦੀਪ ਸਿੰਘ ਜੱਗੀ ਦਿਉਲ ਗੁਰਮ, ਸੰਮਤੀ ਚੇਅਰਮੈਨ ਸਾਹਿਬਜੀਤ ਸਿੰਘ ਸਾਬੀ ਜਰਖੜ, ਦਫ਼ਤਰ ਇੰਚਾਰਜ ਮਨਦੀਪ ਸਿੰਘ ਰਵੀ ਝੱਮਟ, ਸੰਮਤੀ ਮੈਂਬਰ ਦਵਿੰਦਰਪਾਲ ਸਿੰਘ ਲਾਡੀ ਸੰਗੋਵਾਲ, ਸੰਮਤੀ ਮੈਂਬਰ ਜਸਵੰਤ ਸਿੰਘ ਮੁਕੰਦਪੁਰ, ਅਮਰਿੰਦਰ ਸਿੰਘ ਬੁਲਾਰਾ, ਜੀਤਾ ਗੁਰਮ, ਸ਼ਰਨਜੀਤ ਦਿਉਲ ਸਾਬਕਾ ਸਰਪੰਚ, ਹਨੀ ਦਿਉਲ ਮੈਂਬਰ ਪੰਚਾਇਤ, ਜੱਸੀ ਦਿਉਲ, ਬਲਵੀਰ ਸਿੰਘ ਵੀਰਾ, ਹਰਭਜਨ ਸਿੰਘ ਸੋਨੀ, ਕੇਸਰ ਸਿੰਘ ਫ਼ੌਜੀ, ਹਰਪ੍ਰੀਤ ਸਿੰਘ, ਬੂਟਾ ਸਿੰਘ, ਜਸਪ੍ਰੀਤ ਸਿੰਘ, ਹਰਯੋਧ ਸਿੰਘ, ਰਮਨਦੀਪ ਸਿੰਘ, ਗੁਰਕੀਰਤ ਸਿੰਘ, ਡਾ. ਹਰਦੀਪ ਸਿੰਘ ਸਮੇਤ ਹੋਰ ਹਾਜ਼ਰ ਸਨ।