ਮਾਛੀਵਾੜਾ ਸਾਹਿਬ, 10 ਜੁਲਾਈ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ)-ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਡੀ. ਜੀ. ਪੀ. ਪੰਜਾਬ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਖੰਨਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਗੜ੍ਹੀ ਤਰਖਾਣਾ ਪੁਲ ਦੇ ਨਜ਼ਦੀਕ ਬਿਨਾਂ ਲਾਇਸੈਂਸ ਤੋਂ ਚੱਲ ਰਹੇ ਇਕ ਮੈਡੀਕਲ ਸਟੋਰ ‘ਤੇ ਛਾਪੇਮਾਰੀ ਕਰ ਕੇ ਨਸ਼ੀਲੀਆਂ ਦਵਾਈਆਂ ਅਤੇ ਡਰੱਗ ਮਨੀ ਬਰਾਮਦ ਕੀਤੀ ਗਈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਅਤੇ ਐੱਸ. ਪੀ. (ਡੀ) ਪਵਨਜੀਤ ਦੇ ਦਿਸ਼ਾ ਨਿਰਦੇਸ਼ਾਂ ਹੇਠ ਗੁਪਤ ਸੂਚਨਾ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਪੁਲਿਸ ਅਨੁਸਾਰ ਮੁਲਜ਼ਮ ਦੀ ਪਛਾਣ ਹਰਵਿੰਦਰ ਸਿੰਘ ਨਿਵਾਸੀ ਪਿੰਡ ਸਲਾਣਾ ਬੇਟ ਵਜੋਂ ਹੋਈ ਹੈ, ਜੋ ਮੈਡੀਕਲ ਸਟੋਰ ਦੀ ਆੜ ਵਿਚ ਨਾਜਾਇਜ਼ ਤੌਰ ‘ਤੇ ਨਸ਼ੀਲੀਆਂ ਦਵਾਈਆਂ ਵੇਚਣ ਦਾ ਧੰਦਾ ਕਰ ਰਿਹਾ ਸੀ। ਪੁਲਿਸ ਟੀਮ ਵਲੋਂ ਕੀਤੀ ਗਈ ਚੈਕਿੰਗ ਦੌਰਾਨ ਮੈਡੀਕਲ ਸਟੋਰ ਦੇ ਅੰਦਰੋਂ ਲਗਭਗ 140 ਪ੍ਰੈਗਾਬਾਲਿਨ ਕੈਪਸੂਲ ਅਤੇ ਹੋਰ ਕਈ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਹੋਈਆਂ, ਜੋ ਬਿਨਾਂ ਡਾਕਟਰੀ ਪਰਚੀ ਦੇ ਨਹੀਂ ਵੇਚੀਆਂ ਜਾ ਸਕਦੀਆਂ। ਇਸ ਤੋਂ ਇਲਾਵਾ 13,250 ਦੀ ਡਰੱਗ ਮਨੀ ਅਤੇ ਇੱਕ ਸਕਾਰਪਿਓ-ਐਨ ਗੱਡੀ ਵੀ ਜ਼ਬਤ ਕੀਤੀ ਗਈ ਹੈ, ਜਿਸ ਦੀ ਵਰਤੋਂ ਉਹ ਸਪਲਾਈ ਲਈ ਕਰਦਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਨੇ ਸਟੋਰ ਦੇ ਅੰਦਰ ਨਾਜਾਇਜ਼ ਤੌਰ ‘ਤੇ 3-4 ਮਰੀਜ਼ ਵੀ ਐਡਮਿਟ ਕੀਤੇ ਹੋਏ ਸਨ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਕਤ ਮੈਡੀਕਲ ਸਟੋਰ ਦਾ ਲਾਇਸੈਂਸ ਪਹਿਲਾਂ ਹੀ ਰੱਦ ਹੋ ਚੁੱਕਾ ਹੈ। ਇਸ ਤੋਂ ਇਲਾਵਾ ਮੁਲਜ਼ਮ ਖ਼ਿਲਾਫ ਪਹਿਲਾਂ ਵੀ ਐਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਹੋਇਆ ਸੀ, ਜਿਸ ਦਾ ਟਰਾਇਲ ਅਦਾਲਤ ਵਿਚ ਚੱਲ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਐਨ. ਡੀ. ਪੀ. ਐੱਸ. ਐਕਟ ਦੇ ਤਹਿਤ ਇੱਕ ਹੋਰ ਨਵਾਂ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਅਤੇ ਪੁੱਛਗਿੱਛ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਉਹ ਇਹ ਨਸ਼ੀਲੀਆਂ ਦਵਾਈਆਂ ਕਿੱਥੋਂ ਲਿਆਉਂਦਾ ਸੀ ਅਤੇ ਅੱਗੇ ਕਿਨਾਂ ਲੋਕਾਂ ਨੂੰ ਸਪਲਾਈ ਕਰਦਾ ਸੀ।
ਮੈਡੀਕਲ ਸਟੋਰ ਦੀ ਆੜ ’ਚ ਚੱਲ ਰਹੇ ਨਸ਼ੇ ਦੇ ਕਾਰੋਬਾਰ ਦਾ ਪਰਦਾਫਾਸ਼
ਅਜੀਤ ਡੈਸਕ
11-07-2026