ਜਗਰਾਉਂ, 10 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਦੀ ਅਦਾਲਤ ਨੇ ਸਿੱਧਵਾਂ ਖੁਰਦ ਸਥਿਤ ਸ਼੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਨਾਲ ਸਬੰਧਿਤ ਮਾਮਲੇ ਵਿੱਚ ਡਾ. ਗੁਰਿੰਦਰ ਸਿੰਘ ਗਰੇਵਾਲ ਨੂੰ ਅੰਤਰਿਮ ਰਾਹਤ ਦਿੰਦਿਆਂ 15 ਅਪ੍ਰੈਲ 2026 ਨੂੰ ਹੋਈ ਟਰੱਸਟ ਦੀ ਮੀਟਿੰਗ ਵਿੱਚ ਪਾਸ ਕੀਤੇ ਗਏ ਮਤੇ ਦੀ ਕਾਰਵਾਈ ’ਤੇ ਸਟੇਅ ਜਾਰੀ ਕਰ ਦਿੱਤਾ ਹੈ। ਡਾ. ਗਰੇਵਾਲ ਨੇ ਆਪਣੀ ਸਿਵਲ ਪਟੀਸ਼ਨ ਵਿੱਚ ਦਲੀਲ ਦਿੱਤੀ ਸੀ ਕਿ 15 ਅਪ੍ਰੈਲ 2026 ਨੂੰ ਹੋਈ ਟਰੱਸਟ ਦੀ ਮੀਟਿੰਗ ਟਰੱਸਟ ਦੇ ਨਿਯਮਾਂ ਦੇ ਉਲਟ ਅਤੇ ਗੈਰ-ਕਾਨੂੰਨੀ ਢੰਗ ਨਾਲ ਕਰਵਾਈ ਗਈ ਸੀ। ਉਨ੍ਹਾਂ ਨੇ ਅਦਾਲਤ ਤੋਂ ਮਤੇ ਨੰਬਰ 4 ਅਤੇ 5 ਨੂੰ ਰੱਦ ਕਰਨ ਅਤੇ ਆਪਣੇ ਮੈਨੇਜਰ ਤੇ ਟਰੱਸਟੀ ਦੇ ਅਹੁਦੇ ਨੂੰ ਬਹਾਲ ਕਰਨ ਦੀ ਮੰਗ ਕੀਤੀ ਸੀ।ਅਦਾਲਤ ਵੱਲੋਂ ਦਿੱਤੀ ਗਈ ਅੰਤਰਿਮ ਰਾਹਤ ਤੋਂ ਬਾਅਦ ਡਾ. ਗੁਰਿੰਦਰ ਸਿੰਘ ਗਰੇਵਾਲ ਨੇ ਮੁੜ ਸਿੱਧਵਾਂ ਟਰੱਸਟ ਦੇ ਮੈਨੇਜਰ ਅਤੇ ਟਰੱਸਟੀ ਵਜੋਂ ਆਪਣਾ ਚਾਰਜ ਸੰਭਾਲ ਲਿਆ ਹੈ। ਡਾ: ਗਰੇਵਾਲ ਅਨੁਸਾਰ, 15 ਅਪ੍ਰੈਲ 2026 ਦੀ ਮੀਟਿੰਗ ਦੌਰਾਨ ਸਰਦਾਰ ਪ੍ਰਦੀਪ ਸਿੰਘ ਸਿੱਧਵਾ ਵਾਸੀ ਨੂੰ ਮੈਨੇਜਰ ਅਤੇ ਟਰੱਸਟੀ ਦਾ ਚਾਰਜ ਦਿੱਤਾ ਗਿਆ ਸੀ। ਅਦਾਲਤ ਦੇ ਅੰਤਰਿਮ ਹੁਕਮ ਤੋਂ ਬਾਅਦ ਉਹ ਪ੍ਰਬੰਧ ਲਾਗੂ ਨਹੀਂ ਰਿਹਾ ਅਤੇ ਡਾ. ਗਰੇਵਾਲ ਨੇ ਮੁੜ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਹੈ। ਮਾਮਲੇ ਦੀ ਅਗਲੀ ਸੁਣਵਾਈ ਅਦਾਲਤ ਵੱਲੋਂ ਨਿਰਧਾਰਿਤ ਮਿਤੀ ’ਤੇ ਕੀਤੀ ਜਾਵੇਗੀ।