ਮਾਛੀਵਾੜਾ ਸਾਹਿਬ, 26 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਆਨੰਦ’ਸ ਮੈਡੀਸਿਟੀ ਦੇ ਚੇਅਰਮੈਨ ਤੇ ਸਮਾਜ ਸੇਵੀ ਸ਼ਕਤੀ ਆਨੰਦ ਵਲੋਂ ਧਰਮ ਅਤੇ ਇਤਿਹਾਸ ਨਾਲ ਜੋੜਨ ਲਈ ਵਿੱਢੀ ਮੁਹਿੰਮ ਤਹਿਤ ਅੱਜ ਇਤਿਹਾਸਕ ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਵਿਖੇ ਸੰਗਤ ਨੂੰ ਧਾਰਮਿਕ ਪੁਸਤਕਾਂ ਸੌਂਪੀਆਂ ਗਈਆਂ। ਸਮਾਜ ਸੇਵੀ ਸ਼ਕਤੀ ਆਨੰਦ ਨੇ ਦੱਸਿਆ ਕਿ ਗੁਰੂ ਸਾਹਿਬਾਨਾਂ ਦੇ ਇਤਿਹਾਸ ਤੇ ਬਾਣੀ ਨਾਲ ਸਬੰਧਿਤ ਇਹ ਪੁਸਤਕਾਂ ਕੈਨੇਡਾ ਦੀ ਸੰਸਥਾ ‘ਗੁਰੂ ਨਾਨਕ ਫਾਉਂਡੇਸ਼ਨ ਆਫ਼ ਹਿਉਮੈਨਿਟੀ ਆਲ ਇਜ ਵਨ’ ਵਲੋਂ ਪ੍ਰਕਾਸ਼ਿਤ ਕਰਵਾ ਕੇ ਭੇਜੀਆਂ ਗਈਆਂ ਹਨ ਅਤੇ ਮਾਛੀਵਾੜਾ ਇਲਾਕੇ ਵਿਚ ਉਨ੍ਹਾਂ ਨੂੰ ਸੰਗਤ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਧਾਰਮਿਕ ਪੁਸਤਕਾਂ ਵਿਚ ਮਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਸ਼੍ਰੀ ਗੁਰੂ ਰਵਿਦਾਸ ਜੀ ਅਤੇ ਭਗਤ ਕਬੀਰ ਜੀ ਦੇ ਸਲੋਕ, 5 ਬਾਣੀਆਂ ਦਾ ਪਾਠ ਆਦਿ ਸ਼ਾਮਲ ਹਨ ਜੋ ਕਿ ਅੱਜ ਗੁਰਦੁਆਰਾ ਸਿੰਘ ਸਭਾ ਵਿਖੇ ਇਕੱਤਰ ਹੋਈ ਸੰਗਤ ਨੂੰ ਸੌਂਪੀਆਂ। ਸ਼ਕਤੀ ਆਨੰਦ ਨੇ ਕਿਹਾ ਕਿ ਅੱਜ ਸਮੇਂ ਦੀ ਜ਼ਰੂਰਤ ਹੈ ਕਿ ਅਜੋਕੀ ਪੀੜ੍ਹੀ ਨੂੰ ਨਸ਼ਿਆਂ ਦਾ ਸ਼ਿਕਾਰ ਹੋ ਕੇ ਕੁਰਾਹੇ ਪੈ ਰਹੀ ਹੈ ਜਿਸ ਨੂੰ ਧਰਮ ਤੇ ਬਾਣੀ ਨਾਲ ਜੋੜਨ ਤਹਿਤ ਬੱਚਿਆਂ ਨੂੰ ਇਹ ਪੁਸਤਕਾਂ ਜ਼ਰੂਰ ਪੜਾਉਣ।