ਡੇਹਲੋਂ, 29 ਜੁਲਾਈ (ਅੰਮ੍ਰਿਤਪਾਲ ਸਿੰਘ ਕੈਲੇ)-ਪੁਲਿਸ ਕਮਿਸ਼ਨਰ ਲੁਧਿਆਣਾ ਦੇ ਥਾਣਾ ਡੇਹਲੋਂ ਅਧੀਨ ਪੈਂਦੇ ਪਿੰਡ ਪੱਦੀ ਵਿਖੇ ਐਤਵਾਰ ਦੇਰ ਰਾਤ ਹੋਏ ਨਿਹੰਗ ਸਿੰਘ ਦੇ ਕਤਲ ਮਾਮਲੇ ਵਿਚ ਉਸ ਸਮੇਂ ਨਵਾਂ ਮੋੜ ਆਇਆ, ਜਦੋਂ ਡੇਹਲੋਂ ਪੁਲਿਸ ਵਲੋਂ ਕਤਲ ਹੋਏ ਵਿਅਕਤੀ ਦੀ ਬਿਨਾਂ ਸ਼ਨਾਖ਼ਤ ਕੀਤਿਆਂ ਸ਼ਾਇਦ ਕਿਸੇ ਰਾਜਸੀ ਦਬਾਅ ਹੇਠ ਕਾਹਲੀ ਨਾਲ ਹੈਰਾਨੀਜਨਕ ਐੱਫ. ਆਈ. ਆਰ. ਦਰਜ਼ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਪਿੰਡ ਪੱਦੀ ਵਿਖੇ ਬਾਹਰਲਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਜਸਵੀਰ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਪਿੰਡ ਪੱਦੀ ਵਲੋਂ ਪੁਲਿਸ ਕੋਲ ਲਿਖਾਏ ਬਿਆਨਾਂ ’ਚ ਦੱਸਿਆ ਕਿ ਮੈਂ ਗੁਰਦੁਆਰਾ ਸਾਹਿਬ ਵਿਖੇ ਬਤੌਰ ਗ੍ਰੰਥੀ ਵਜੋਂ ਸੇਵਾ ਕਰਦਾਂ ਹਾਂ ਕਿ 26 ਜੁਲਾਈ ਨੂੰ ਗੁਰਦੁਆਰਾ ਸਾਹਿਬ ਵਿਖੇ ਮੀਰੀ ਪੀਰੀ ਦਿਵਸ ਦੇ ਸੰਬੰਧ ਵਿਚ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਸਨ ਅਤੇ ਇਸ ਸਮੇਂ ਪਿੰਡ ਸਮੇਤ ਬਾਹਰੋਂ ਆਈ ਸੰਗਤ ਅਤੇ ਦਲ ਪੰਥ ਦੇ ਸਿੰਘ ਵੀ ਹਾਜ਼ਰ ਸਨ। ਇਸੇ ਦਿਨ ਰਾਤ ਨੂੰ ਕਰੀਬ 9 ਵਜੇ ਰਾਤ ਸੋਨੂੰ ਪੁੱਤਰ ਨਾਮਾਲੂਮ ਵਾਸੀ ਨਾਮਾਲੂਮ ਜੋ ਦਲ ਪੰਥ ਦਾ ਸਿੰਘ ਸੀ, ਉੱਚੀ-ਉੱਚੀ ਗਾਲੀ ਗਲੋਚ ਕਰਦਾ ਹੋਇਆ ਲੰਗਰ ਹਾਲ ਵੱਲ ਜਾ ਰਿਹਾ ਸੀ ਅਤੇ ਮੈਂ ਦੇਖਿਆ ਕਿ ਦਲ ਪੰਥ ਦੇ ਇਕ ਹੋਰ ਸਿੰਘ ਸੋਹਣ ਸਿੰਘ ਨੇ ਸੋਨੂੰ ਦੀ ਗਰਦਨ ਪਰ ਦਸ਼ਤੀ ਕਿਰਪਾਨ ਨਾਲ ਵਾਰ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਗੰਭੀਰ ਜ਼ਖਮੀ ਹਾਲਤ ਵਿਚ ਸੋਨੂੰ ਨੂੰ ਦੋਰਾਹਾ ਦੇ ਇਕ ਨਿੱਜੀ ਹਸਪਤਾਲ ਲਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਕਤ ਗ੍ਰੰਥੀ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਭਾਵੇਂ ਡੇਹਲੋਂ ਪੁਲਿਸ ਵਲੋਂ ਮੁਕੱਦਮਾ ਨੰਬਰ 155 ਮਿਤੀ 27 ਜੁਲਾਈ 2026 ਨੂੰ ਧਾਰਾ 103 ਬੀ. ਐਨ. ਐੱਸ. ਅਧੀਨ ਕਥਿਤ ਦੋਸ਼ੀ ਸੋਹਣ ਸਿੰਘ ਪੁੱਤਰ ਲਾਭ ਸਿੰਘ ਵਾਸੀ ਨੇੜੇ ਪੁਰਾਣੀ ਗਊਸ਼ਾਲਾ ਰਤੀਆ, ਫ਼ਤਿਹਾਬਾਦ ਹਰਿਆਣਾ ਖ਼ਿਲਾਫ਼ ਦਰਜ਼ ਕਰ ਕੇ ਗ੍ਰਿਫ਼ਤਾਰ ਕਰਨ ਉਪਰੰਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਪਿੰਡ ਵਾਸੀਆਂ ਦੇ ਉਕਤ ਕਹਾਣੀ ਗਲੇ ਤੋਂ ਥੱਲੇ ਨਹੀਂ ਜਾ ਰਹੀ ਅਤੇ ਪਿੰਡ ਅੰਦਰ ਤਰਾਂ ਤਰਾਂ ਦੇ ਕਿਆਫ਼ੇ ਲਗਾਏ ਜਾ ਰਹੇ ਹਨ ਅਤੇ ਪੁਲਿਸ ਕਾਰਵਾਈ ਦੀ ਚਰਚਾ ਜ਼ੋਰਾਂ ‘ਤੇ ਹੈ। ਇਹ ਵੀ ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਕਮੇਟੀ ਸਮੇਤ ਗ੍ਰਾਮ ਪੰਚਾਇਤ ਉਕਤ ਕਤਲ ਮਾਮਲੇ ਤੋਂ ਪੂਰੀ ਤਰਾਂ ਅਣਜਾਣ ਸਨ ਕਿਉਂਕਿ ਉਨ੍ਹਾਂ ਨੂੰ ਮਾਮਲੇ ਦਾ ਉਸ ਸਮੇਂ ਪਤਾ ਲੱਗਾ ਜਦੋਂ ਮੀਡੀਆ ਕਰਮੀਆਂ ਵਲੋਂ ਪੁੱਛ ਪੜਤਾਲ ਸ਼ੁਰੂ ਕੀਤੀ ਗਈ। ਇਸ ਦੀ ਪੁਸ਼ਟੀ ਕਰਦਿਆਂ ਪਿੰਡ ਦੇ ਸਰਪੰਚ ਸਤਬੀਰ ਸਿੰਘ ਲਾਲੀ ਪੱਦੀ ਨੇ ਕਿਹਾ ਕਿ ਪਿੰਡ ਅੰਦਰ ਐਨਾ ਵੱਡਾ ਹਾਦਸਾ ਵਾਪਰ ਗਿਆ, ਪਰ ਗ੍ਰਾਮ ਪੰਚਾਇਤ ਨੂੰ ਕੋਈ ਇਲਮ ਨਹੀਂ ਸੀ, ਉਨ੍ਹਾਂ ਕਿਹਾ ਕਿ ਪਿੰਡ ਦੇ ਇਹ ਘਟਨਾ ਬਹੁਤ ਹੀ ਮੰਦਭਾਗੀ ਹੈ ਅਤੇ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਇਸੇ ਤਰਾਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਧਰਮਿੰਦਰ ਸਿੰਘ ਨੇ ਦੱਸਿਆਂ ਕਿ ਜਦੋਂ ਪ੍ਰਬੰਧਕ ਕਮੇਟੀ ਨੂੰ ਕਤਲ ਹੋਣ ਦੇ ਮਾਮਲੇ ਦਾ ਪਤਾ ਲੱਗਾ ਤਾਂ ਕਮੇਟੀ ਨੇ ਤੁਰੰਤ ਗੁਰੂ ਘਰ ਦੇ ਗ੍ਰੰਥੀ ਨਾਲ ਸੰਪਰਕ ਬਣਾਇਆ, ਜਿਸ ਨੇ ਸਹੀ ਜਾਣਕਾਰੀ ਦੇਣ ਤੋਂ ਟਾਲ ਮਟੋਲ ਕੀਤਾ। ਪ੍ਰਧਾਨ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਕੁੱਝ ਦਿਨਾਂ ਬਾਅਦ ਉਕਤ ਗ੍ਰੰਥੀ ਸਿੰਘ ਨੂੰ ਸੇਵਾਵਾਂ ਤੋਂ ਹਟਾਉਣ ਦਾ ਫ਼ੈਸਲਾ ਪ੍ਰਬੰਧਕ ਕਮੇਟੀ ਵਲੋਂ ਕੀਤਾ ਜਾ ਚੁੱਕਾ ਹੈ। ਡੇਹਲੋਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਕਤਲ ਮਾਮਲੇ ਵਿਚ ਨਾਮਜ਼ਦ ਕਥਿਤ ਦੋਸ਼ੀ ਸੋਹਣ ਸਿੰਘ ਨੂੰ ਅਦਾਲਤ ਪੇਸ਼ ਕਰ ਕੇ ਰਿਮਾਂਡ ਪ੍ਰਾਪਤ ਕੀਤਾ ਜਾ ਰਿਹਾ ਹੈ।