ਤਪਾ ਮੰਡੀ, 2 ਜਨਵਰੀ (ਪ੍ਰਵੀਨ ਗਰਗ)-ਤਪਾ ਢਿਲਵਾਂ ਰੇਲਵੇ ਫਾਟਕ ਨਜ਼ਦੀਕ ਇਕ ਨਾਮਾਲੂਮ ਵਾਹਨ ਦੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਕਾਰਨ ਜਿੱਥੇ ਬਿਜਲੀ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ ਉੱਥੇ ਸ਼ਹਿਰ ਵਾਸੀਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਜਦ ਕਿ ਵਾਹਨ ਦੇ ਵੱਜਣ ਕਾਰਨ ਖੰਭਾ ਟੁੱਟ ਗਿਆ ਪਰ ਤਾਰਾਂ ਦੇ ਸਹਾਰੇ ਖੜ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ, ਹਾਦਸਾ ਕਰਨ ਵਾਲਾ ਚਾਲਕ ਵਾਹਨ ਸਣੇ ਮੌਕੇ ਤੋਂ ਫ਼ਰਾਰ ਹੋ ਗਿਆ | ਘਟਨਾ ਦੀ ਸੂਚਨਾ ਮਿਲਦੇ ਹੀ ਬਿਜਲੀ ਵਿਭਾਗ ਦੇ ਕਰਮਚਾਰੀ ਅਤੇ ਸੰਬੰਧਿਤ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚ ਗਏ | ਉਨ੍ਹਾਂ ਵਲੋਂ ਸੁਰੱਖਿਆ ਦੇ ਇੰਤਜ਼ਾਮ ਕਰਦਿਆਂ ਬਿਜਲੀ ਲਾਈਨਾਂ ਨੂੰ ਅਲੱਗ ਕੀਤਾ ਗਿਆ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ | ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਖੰਭਾ ਪੂਰੀ ਤਰ੍ਹਾਂ ਟੁੱਟ ਜਾਣ ਕਾਰਨ ਬਿਜਲੀ ਸਪਲਾਈ ਨੂੰ ਬਹਾਲ ਕਰਨ ਵਿਚ ਸਮਾਂ ਲੱਗ ਸਕਦਾ ਹੈ | ਮੁਰੰਮਤ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਜਲਦ ਬਿਜਲੀ ਸਪਲਾਈ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉੱਧਰ, ਪਾਵਰਕਾਮ ਤਪਾ-1 ਦੇ ਐਸ.ਡੀ.ਓ. ਰਾਮ ਸਿੰਘ ਦਾ ਕਹਿਣਾ ਹੈ ਇਸ ਸਬੰਧੀ ਪੁਲਿਸ ਨੂੰ ਡੀ.ਡੀ.ਆਰ. ਦਰਜ ਕਰਨ ਲਈ ਸੂਚਨਾ ਦੇ ਦਿੱਤੀ ਹੈ ਅਤੇ ਫ਼ਰਾਰ ਡਰਾਈਵਰ ਦੀ ਭਾਲ ਲਈ ਆਸ-ਪਾਸ ਦੇ ਇਲਾਕਿਆਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ |