ਮਹਿਲ ਕਲਾਂ, 23 ਜਨਵਰੀ (ਅਵਤਾਰ ਸਿੰਘ ਅਣਖੀ)-ਸਿੱਖ ਇਤਿਹਾਸ ਵਿਚ ਅਹਿਮ ਮੁਕਾਮ ਰੱਖਦੇ 1762 ਈਸਵੀ ਦੇ ਵੱਡੇ ਘੱਲੂਘਾਰੇ ਸਮੇਂ ਅਹਿਮਦਸ਼ਾਹ ਅਬਦਾਲੀ ਦੀਆਂ ਫ਼ੌਜਾਂ ਨਾਲ ਲੋਹਾ ਲੈਂਦਿਆਂ ਸ਼ਹੀਦੀ ਜਾਮ ਪੀ ਗਏ 35 ਹਜ਼ਾਰ ਮਹਾਨ ਸੂਰਬੀਰ ਯੋਧਿਆਂ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਸਾਲਾਨਾ ਗੁਰਮਤਿ ਸਮਾਗਮ 7 ਤੋਂ 9 ਫਰਵਰੀ ਤੱਕ ਇਤਿਹਾਸਕ ਗੁਰਦੁਆਰਾ ਸਾਹਿਬ ਅਤਿ ਵੱਡਾ ਘੱਲੂਘਾਰਾ ਕੁਤਬਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਸ਼ਰਧਾ ਸਤਿਕਾਰ ਨਾਲ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕਾਂ ਅਨੁਸਾਰ ਪਹਿਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ | ਪ੍ਰਸਿੱਧ ਰਾਗੀ ਭਾਈ ਸਿਮਰਨਪ੍ਰੀਤ ਸਿੰਘ, ਕਥਾਵਾਚਕ ਚਮਕੌਰ ਸਿੰਘ ਧੁੰਨ, ਭਾਈ ਕੁਲਵਿੰਦਰ ਸਿੰਘ ਲੋਹਟਬੱਦੀ, ਪ੍ਰਸਿੱਧ ਢਾਡੀ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ, ਗਿਆਨੀ ਹਰਜੀਤ ਸਿੰਘ ਸੋਹਲਪੁਰ, ਕਵੀਸ਼ਰ ਜਥਾ ਪਿ੍ਤਪਾਲ ਸਿੰਘ ਬਰਗਾੜੀ, ਗਿਆਨੀ ਜੰਗ ਸਿੰਘ ਤਰਨਾ ਦਲ ਆਦਿ ਜਥਿਆਂ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ, ਧਾਰਮਿਕ ਜਥੇਬੰਦੀਆਂ ਦੇ ਆਗੂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰ ਕੇ ਮਹਾਨ ਸੂਰਬੀਰ ਯੋਧਿਆਂ ਦੀ ਸ਼ਹਾਦਤ ਨੂੰ ਸਿੱਜਦਾ ਕਰਨਗੇ | ਇਸ ਮੌਕੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਅੰਮਿ੍ਤ ਸੰਚਾਰ ਅਤੇ ਸੁੰਦਰ ਦਸਤਾਰ, ਸੁੰਦਰ ਦੁਮਾਲਾ ਸਜਾਉਣ ਦੇ ਮੁਕਾਬਲੇ 6 ਫਰਵਰੀ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਅਤਿ ਵੱਡਾ ਘੱਲੂਘਾਰਾ ਕੁਤਬਾ ਵਿਖੇ ਕਰਵਾਏ ਜਾਣਗੇ |