ਮਹਿਲ ਕਲਾਂ, 27 ਜਨਵਰੀ (ਅਵਤਾਰ ਸਿੰਘ ਅਣਖੀ)-ਪਿੰਡ ਗੁਰਮ ਦੇ ਇਕ ਕਿਸਾਨ ਪਰਿਵਾਰ ਨਾਲ ਸਬੰਧਿਤ ਨੌਜਵਾਨ ਰਾਜਪ੍ਰੀਤ ਸਿੰਘ ਦੀ ਕੈਨੇਡਾ 'ਚ ਮੌਤ ਤੋਂ ਬਾਅਦ ਮਿ੍ਤਕ ਦੇਹ 10 ਦਿਨਾਂ ਬਾਅਦ ਪਿੰਡ ਗੁਰਮ ਪੁੱਜੀ | ਜਿੱਥੇ ਗ਼ਮਗੀਨ ਮਾਹੌਲ ਵਿਚ ਮਿ੍ਤਕ ਨੌਜਵਾਨ ਰਾਜਪ੍ਰੀਤ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿਤੀ ਗਈ | ਨੌਜਵਾਨ ਦੇ ਪਿਤਾ ਕੁਲਵੰਤ ਸਿੰਘ ਗੁਰਮ ਨੇ ਭਰੇ ਮਨ ਨਾਲ ਦੱਸਿਆ ਕਿ ਆਪਣੇ ਇਕਲੌਤੇ ਲਾਡਲੇ ਪੁੱਤਰ ਰਾਜਪ੍ਰੀਤ ਦੇ ਸੁਨਹਿਰੇ ਭਵਿੱਖ ਦੀ ਆਸ ਨਾਲ 20 ਲੱਖ ਦੇ ਕਰੀਬ ਕਰਜ਼ਾ ਚੁੱਕ ਕੇ ਅਪ੍ਰੈਲ 2024 ਵਿਚ ਉਸ ਨੂੰ ਸਟੱਡੀ ਵੀਜ਼ੇ 'ਤੇ ਕੈਨੇਡਾ ਭੇਜਿਆ ਸੀ | ਲੰਘੀ 17 ਜਨਵਰੀ ਨੂੰ ਉਸ ਦੀ ਮੌਤ ਦੀ ਦੁਖਦਾਈ ਖ਼ਬਰ ਨੇ ਸਭ ਆਸਾਂ ਉਮੀਦਾਂ ਉਪਰ ਪਾਣੀ ਫੇਰ ਦਿੱਤਾ | ਉਨ੍ਹਾਂ ਦੱਸਿਆ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਡਿਪਟੀ ਕਮਿਸ਼ਨਰ ਬਰਨਾਲਾ, ਗੁਰਮੀਤ ਸਿੰਘ ਜੰਗੀਆਣਾ, ਦੇ ਉੱਦਮ ਸਦਕਾ ਬੇਟੇ ਰਾਜਪ੍ਰੀਤ ਦੀ ਮਿ੍ਤਕ ਦੇਹ ਨੂੰ ਘਰ ਲਿਆਉਣ 'ਚ ਸਫਲਤਾ ਹਾਸਲ ਹੋਈ | ਇਸ ਦੁਖਦਾਈ ਮੌਕੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ, ਜਸਮੇਲ ਸਿੰਘ ਡੇਅਰੀ ਵਾਲਾ, ਪਿਆਰਾ ਸਿੰਘ ਮਾਹਮਦਪੁਰ, ਐਡਵੋਕੇਟ ਜਸਵੀਰ ਸਿੰਘ ਖੇੜੀ, ਕਮਲਜੀਤ ਸਿੰਘ ਚੱਕ, ਬਾਬਾ ਅਕਲੂ ਦਾਸ, ਸਰਪੰਚ ਮਨਜੀਤ ਕੌਰ, ਮਾਨ ਸਿੰਘ ਗੁਰਮ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ |