ਮਹਿਲ ਕਲਾਂ, 2 ਫਰਵਰੀ (ਅਵਤਾਰ ਸਿੰਘ ਅਣਖੀ)-ਪਿੰਡ ਸਹਿਜੜਾ (ਬਰਨਾਲਾ) ਦੇ ਇਕ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਰੋਟੀ-ਰੋਜ਼ੀ ਦੀ ਭਾਲ 'ਚ ਦੁਬਈ ਗਏ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕ ਨੌਜਵਾਨ ਦੇ ਪਿਤਾ ਹਰਬੰਸ ਸਿੰਘ ਵਾਸੀ ਸਹਿਜੜਾ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਆਪਣੇ 20 ਸਾਲਾ ਪੁੱਤਰ ਹਰਦੀਪ ਸਿੰਘ ਨੂੰ ਸੁਨਹਿਰੀ ਭਵਿੱਖ ਦੀ ਆਸ ਨਾਲ ਕਰਜ਼ਾ ਚੁੱਕ ਕੇ ਪੰਜ ਮਹੀਨੇ ਪਹਿਲਾਂ ਦੁਬਈ ਭੇਜਿਆ ਸੀ | ਪਰ ਲੰਘੀ 24 ਜਨਵਰੀ ਨੂੰ ਦੁਬਈ ਤੋਂ ਆਏ ਫ਼ੋਨ ਰਾਹੀਂ ਉਸ ਦੀ ਮੌਤ ਦੀ ਖ਼ਬਰ ਮਿਲਣ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ | ਉਨ੍ਹਾਂ ਸਪਸ਼ਟ ਕੀਤਾ ਕਿ ਅਜੇ ਤੱਕ ਬੇਟੇ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ | ਉਨ੍ਹਾਂ ਦੱਸਿਆ ਕਿ ਉਹ ਮਜ਼ਦੂਰੀ ਕਰ ਕੇ ਆਪਣਾ ਪਰਿਵਾਰ ਪਾਲ ਰਹੇ ਹਨ, ਆਰਥਿਕ ਤੰਗੀ ਕਾਰਨ ਆਪਣੇ ਪੁੱਤਰ ਦੀ ਦੇਹ ਨੂੰ ਘਰ ਲਿਆਉਣ ਲਈ ਖਰਚਾ ਚੁੱਕਣ ਤੋਂ ਵੀ ਅਸਮਰਥ ਹਨ | ਪੀੜਤ ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ, ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਅਪੀਲ ਕੀਤੀ ਕਿ ਨੌਜਵਾਨ ਪੁੱਤਰ ਦੀ ਲਾਸ਼ ਨੂੰ ਘਰ ਲਿਆਉਣ ਲਈ ਸਹਿਯੋਗ ਦਿੱਤਾ ਜਾਵੇ | ਇਸ ਸਬੰਧੀ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ, ਜ਼ਿਲ੍ਹਾ ਜਨਰਲ ਸਕੱਤਰ ਗਗਨਦੀਪ ਸਿੰਘ ਬਾਜਵਾ, ਅਮਰਜੀਤ ਸਿੰਘ ਭੋਲਾ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਨੌਜਵਾਨ ਪੁੱਤਰ ਦੀ ਲਾਸ਼ ਘਰ ਲਿਆਉਣ ਸਬੰਧੀ ਦਰਖਾਸਤ ਦਿੱਤੀ ਸੀ | ਅੱਜ ਕਰੀਬ 10 ਦਿਨ ਬੀਤ ਜਾਣ ਦੇ ਬਾਵਜੂਦ ਨੌਜਵਾਨ ਹਰਦੀਪ ਦੀ ਦੇਹ ਘਰ ਨਹੀਂ ਪੁੱਜੀ |