ਬਰਨਾਲਾ, 23 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਨਗਰ ਨਿਗਮ ਬਣਨ ਦੇ ਤਿੰਨ ਮਹੀਨਿਆਂ ਬਾਅਦ ਵੀ ਜਿੱਥੇ ਨਗਰ ਨਿਗਮ ਨਾਲ ਸਬੰਧਿਤ ਸਾਰੇ ਅਧਿਕਾਰੀਆਂ ਦੀ ਨਿਯੁਕਤੀ ਨਾ ਹੋਣ ਕਾਰਨ ਆਮ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੁਣ ਸ਼ਹਿਰ ਵਿਚ ਵਿਕਾਸ ਕੰਮ ਕਰਨ ਵਾਲੇ ਠੇਕੇਦਾਰਾਂ ਅਤੇ ਐਲ.ਐਂਡ ਸੀ. ਸੁਸਾਇਟੀਆਂ ਵਲੋਂ ਪਿਛਲੀਆਂ ਪੇਮੈਂਟਾਂ ਨਾ ਮਿਲਣ ਕਾਰਨ ਸਾਰੇ ਕੰਮ ਬੰਦ ਕਰ ਕੇ ਲੇਬਰ ਸਮੇਤ ਨਗਰ ਨਿਗਮ ਦਫ਼ਤਰ ਬਰਨਾਲਾ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ | ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਠੇਕੇਦਾਰ ਅਮਨਦੀਪ ਸਿੰਘ ਵਿੱਕੀ, ਬਿੰਦਰ ਸਿੰਘ ਸੰਧੂ, ਸ਼ਿਵ ਕੁਮਾਰ ਠੇਕੇਦਾਰ ਨੇ ਕਿਹਾ ਕਿ ਬਰਨਾਲਾ ਨਗਰ ਨਿਗਮ ਬਣੇ ਨੂੰ ਤਿੰਨ ਮਹੀਨਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਪਰ ਉਨ੍ਹਾਂ ਨੂੰ ਪਿਛਲੇ ਕੀਤੇ ਗਏ ਕੰਮਾਂ ਦੀ ਕੋਈ ਪੇਮੈਂਟ ਨਹੀਂ ਕੀਤੀ ਜਾ ਰਹੀ, ਉਲਟਾ ਕੰਮ ਲਈ ਦਬਾਅ ਪਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨਗਰ ਕੌਂਸਲ ਵੇਲੇ ਕੀਤੇ ਗਏ ਕੰਮਾਂ ਦੀ ਬਹੁਤ ਬਕਾਇਆ ਪੇਮੈਂਟ ਲੈਣ ਵਾਲੀ ਖੜ੍ਹੀ ਹੈ | ਪੇਮੈਂਟ ਨਾ ਮਿਲਣ ਕਾਰਨ ਉਨ੍ਹਾਂ ਨੂੰ ਕਾਫ਼ੀ ਜ਼ਿਆਦਾ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਅਤੇ ਲੇਬਰ ਨੂੰ ਵੀ ਪੈਸੇ ਦੇਣ ਵਿਚ ਮੁਸ਼ਕਿਲ ਆ ਰਹੀ ਹੈ | ਉਨ੍ਹਾਂ ਕਿਹਾ ਕਿ ਜਦੋਂ ਇਸ ਬਾਰੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਵਲੋਂ ਸਬੰਧਿਤ ਅਧਿਕਾਰੀ ਦੀ ਨਿਯੁਕਤੀ ਤੋਂ ਬਾਅਦ ਦੋ-ਤਿੰਨ ਦਿਨਾਂ ਵਿਚ ਪੇਮੈਂਟ ਦੇਣ ਲਈ ਲਾਰਾ ਲਾ ਦਿੱਤਾ ਜਾਂਦਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਥਰਡ ਪਾਰਟੀ ਵੈੱਪਕਾਸ ਵਲੋਂ ਠੇਕੇਦਾਰਾਂ ਦੀ 10 ਫ਼ੀਸਦੀ ਸਕਿਉਰਿਟੀ ਕੱਟੀ ਜਾਂਦੀ ਹੈ | ਜਿਸ ਦੀ ਰਕਮ ਇੱਕ ਸਾਲ ਬਾਅਦ ਠੇਕੇਦਾਰਾਂ ਨੂੰ ਕਰਨੀ ਹੁੰਦੀ ਹੈ | ਮਹਿਕਮੇ ਵਲੋਂ ਠੇਕੇਦਾਰਾਂ ਦੇ ਬਿੱਲਾਂ ਵਿਚੋਂ ਵੈੱਪਕਾਸ ਏਜੰਸੀ ਦੀ ਬਿੱਲ 'ਚੋਂ ਰਕਮ ਤਾਂ ਕੱਟ ਲਈ ਜਾਂਦੀ ਹੈ ਅੱਗੇ ਜਮ੍ਹਾਂ ਨਹੀਂ ਕਰਵਾਈ ਜਾਂਦੀ | ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਵਲੋਂ ਨਗਰ ਨਿਗਮ ਦੁਆਰਾ ਕਰਵਾਏ ਜਾਣ ਵਾਲੇ ਵਿਕਾਸ ਕਾਰਜ ਬਿਲਕੁਲ ਬੰਦ ਕਰ ਦਿੱਤੇ ਗਏ ਹਨ ਅਤੇ ਜਿੰਨਾਂ ਚਿਰ ਉਨ੍ਹਾਂ ਨੂੰ ਪਿਛਲੇ ਕੀਤੇ ਗਏ ਕੰਮਾਂ ਦੀ ਪੇਮੈਂਟ ਜਾਰੀ ਨਹੀਂ ਕੀਤੀ ਜਾਂਦੀ ਉਨ੍ਹਾਂ ਚਿਰ ਕੰਮ ਸ਼ੁਰੂ ਨਹੀਂ ਕੀਤੇ ਜਾਣਗੇ ਅਤੇ ਇਸ ਸੰਘਰਸ਼ ਨੂੰ ਵੱਡੀ ਰੂਪ ਰੇਖਾ ਨਾਲ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਦਾ ਅਮਨ ਐਲ.ਐਂਡ ਸੀ. ਸੁਸਾਇਟੀ ਵਲੋਂ ਡਿੰਪਲ ਕੁਮਾਰ, ਗਰਗ ਕਰਟੰਕਸਨ ਵਲੋਂ ਪੰਕਜ ਗਰਗ, ਦਾ ਸੰਧੂ ਐਲ.ਐਂਡ ਸੀ. ਸੁਸਾਇਟੀ ਵਲੋਂ ਗੁਰਨੈਬ ਸਿੰਘ ਸੰਧੂ, ਦਾ ਪੱਤੀ ਸੇਖਵਾਂ ਐਲ.ਐਂਡ ਸੀ. ਸੁਸਾਇਟੀ ਵਲੋਂ ਬਲਵਿੰਦਰ ਸਿੰਘ ਬਿੰਦਰ ਸੰਧੂ, ਦਾ ਧਨੌਲਾ ਐਲ.ਐਂਡ ਸੀ. ਸੁਸਾਇਟੀ ਵਲੋਂ ਜਸਪ੍ਰੀਤ ਸਿੰਘ ਕਾਲਾ, ਦਾ ਮਹਾਵੀਰ ਐਲ.ਐਂਡ ਸੀ. ਸੁਸਾਇਟੀ ਵਲੋਂ ਹਰਸ਼ ਮਿੱਤਲ, ਦਾ ਰਾਮਗੜ੍ਹੀਆ ਐਲ.ਐਂਡ ਸੀ. ਸੁਸਾਇਟੀ ਵਲੋਂ ਮਲਕੀਤ ਸਿੰਘ ਮੀਤਾ ਠੇਕੇਦਾਰ, ਦਾ ਭਦੌੜ ਐਲ.ਐਂਡ ਸੀ. ਸੁਸਾਇਟੀ ਵਲੋਂ ਗੁਰਿੰਦਰ ਸਿੰਘ, ਦੀ ਕੈਰੇ ਐਲ.ਐਂਡ ਸੀ. ਸੁਸਾਇਟੀ ਵਲੋਂ ਸ਼ੀਤਲ ਕੁਮਾਰ, ਗੁਰੂ ਕੰਸਟਰਕਸ਼ਨ ਵਲੋਂ ਬੀਰਬਲ ਠੇਕੇਦਾਰ, ਬਰਨਾਲਾ ਕੰਸਟਰਕਸ਼ਨ ਵਲੋਂ ਦਿਨੇਸ਼ ਮਿੱਤਲ ਠੇਕੇਦਾਰ, ਦਾ ਧੋਲਾ ਐਲ.ਐਂਡ ਸੀ. ਸੁਸਾਇਟੀ ਵਲੋਂ ਹਿਤ ਅਭਿਲਾਸ਼ ਬੰਟੀ ਤੋਂ ਇਲਾਵਾ ਲੇਬਰ ਦਾ ਕੰਮ ਕਰਨ ਵਾਲੇ ਵੀ ਹਾਜ਼ਰ ਸਨ | ਜ਼ਿਕਰਯੋਗ ਹੈ ਕਿ ਨਵੰਬਰ 2025 ਵਿਚ ਪੰਜਾਬ ਸਰਕਾਰ ਵਲੋਂ ਬਰਨਾਲਾ ਨਗਰ ਕੌਂਸਲ ਨੂੰ ਅਪਗ੍ਰੇਡ ਕਰ ਕੇ ਨਗਰ ਨਿਗਮ ਦਾ ਦਰਜ਼ਾ ਦੇ ਦਿੱਤਾ ਗਿਆ ਸੀ | ਬੇਸ਼ੱਕ ਸਰਕਾਰ ਵਲੋਂ ਨਗਰ ਨਿਗਮ ਦੀਆਂ ਅਸਾਮੀਆਂ ਦੀ ਰਚਨਾ ਤਾਂ ਕਰ ਦਿੱਤੀ ਗਈ ਹੈ ਪਰ ਅਜੇ ਤੱਕ ਸਬੰਧਿਤ ਵੱਖ-ਵੱਖ ਵਿਭਾਗਾਂ ਵਿਚ ਸਰਕਾਰ ਵਲੋਂ ਨਿਯੁਕਤੀ ਨਹੀਂ ਕੀਤੀ ਗਈ | ਜਿਸ ਕਾਰਨ ਜਿੱਥੇ ਆਮ ਲੋਕਾਂ ਦੇ ਕੰਮ ਨਹੀਂ ਹੋ ਰਹੇ ਉੱਥੇ ਸ਼ਹਿਰ ਦੇ ਵਿਕਾਸ ਕਾਰਜ ਪਿਛਲੇ ਤਿੰਨ ਮਹੀਨਿਆਂ ਤੋਂ ਪੂਰੀ ਤਰ੍ਹਾਂ ਠੱਪ ਹਨ | ਨਗਰ ਨਿਗਮ ਦੇ ਕੰਮਕਾਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੱਤਾਧਾਰੀ ਧਿਰ ਦੇ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਕੋਈ ਧਿਆਨ ਨਾ ਦੇਣ ਕਾਰਨ ਸ਼ਹਿਰ ਦੇ ਵਿਕਾਸ ਲਈ ਵੱਡੀਆਂ ਆਸਾਂ ਲਾਈ ਬੈਠੇ ਸ਼ਹਿਰ ਵਾਸੀਆਂ ਲਈ ਨਗਰ ਨਿਗਮ ਬਰਨਾਲਾ 'ਸੁਵਿਧਾ' ਦੀ ਥਾਂ 'ਦੁਵਿਧਾ' ਬਣਦਾ ਨਜ਼ਰ ਆ ਰਿਹਾ ਹੈ |