ਧਨੌਲਾ, 23 ਫਰਵਰੀ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਵਿਖੇ ਅਧਿਆਪਕਾਂ ਲਈ ਵਰਕਸ਼ਾਪ ਲਗਾਈ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਉੱਘੇ ਪ੍ਰੋ: ਹਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਅਧਿਆਪਕਾਂ ਨੂੰ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਹੀ ਵਿਦਿਆਰਥੀਆਂ ਦੇ ਭਵਿੱਖ ਦੇ ਨਿਰਮਾਤਾ ਹੁੰਦੇ ਹਨ | ਜੇ ਅਧਿਆਪਕ ਪ੍ਰੇਰਿਤ ਹੋਣਗੇ ਤਾਂ ਸਕੂਲ ਦਾ ਮਾਹੌਲ ਵੀ ਸਕਾਰਾਤਮਿਕ ਬਣੇਗਾ | ਇਸ ਵਰਕਸ਼ਾਪ ਵਿਚ ਅਧਿਆਪਕਾਂ ਨੂੰ ਉਹ ਗੱਲਾਂ ਸਿਖਾਈਆਂ ਗਈਆਂ, ਜੋ ਉਨ੍ਹਾਂ ਦੀ ਪਾਠ ਪੜ੍ਹਾਉਣ ਦੀ ਯੋਗਤਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ | ਇਸ ਦਾ ਉਦੇਸ਼ ਅਧਿਆਪਕਾਂ ਨੂੰ ਨਵੀਂ ਸੋਚ, ਨਵੀਂ ਤਕਨੀਕ ਅਤੇ ਆਤਮ ਵਿਸ਼ਵਾਸ ਦੇ ਨਾਲ ਅੱਪਡੇਟ ਕਰਨਾ ਹੁੰਦਾ ਹੈ | ਜਿਵੇਂ ਕਿ ਨਵੀਆਂ ਸਿਖਲਾਈ ਵਿਧੀਆਂ, ਐਕਟੀਵਿਟੀ ਬੇਸਡ ਲਰਨਿੰਗ, ਸਮੂਹ ਚਰਚਾ ਅਤੇ ਪ੍ਰੇਜ਼ੇਟੇਸ਼ਨ ਆਦਿ | ਇਸ ਵਰਕਸ਼ਾਪ ਵਿਚ ਅਧਿਆਪਕਾਂ ਨੂੰ ਆਪਣੇ ਆਪ ਨੂੰ ਪਹਿਚਾਨਣ ਅਤੇ ਆਪਣੀਆਂ ਕਮੀਆਂ ਨੂੰ ਦੂਰ ਕਰਨ ਲਈ ਸੁਝਾਅ ਦਿੱਤੇ ਗਏ | ਇਸ ਤੋਂ ਇਲਾਵਾ ਉਨ੍ਹਾਂ ਨੇ ਵਿਦਿਆਰਥੀਆਂ ਦੀ ਮਨੋਵਿਗਿਆਨ ਅਵੱਸਥਾ ਨੂੰ ਜਾਣਨ ਬਾਰੇ ਵੀ ਚਾਨਣਾ ਪਾਇਆ | ਜਿਵੇਂ ਕਿ ਬੱਚਿਆਂ ਦੀ ਉਮਰ ਅਨੁਸਾਰ ਵਿਵਹਾਰ ਨੂੰ ਸਮਝਣਾ, ਕਮਜ਼ੋਰ ਅਤੇ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਦੀ ਅਵਸਥਾ ਨੂੰ ਜਾਣ ਕਿ ਵਿਦਿਆਰਥੀਆਂ ਨੂੰ ਯੋਗ ਸਾਧਨਾ ਨਾਲ ਜਾਂ ਫਿਰ ਹਰ ਰੋਜ਼ ਦੀਆਂ ਸਰੀਰਕ ਕਸਰਤਾਂ ਨਾਲ ਜੋੜਿਆ ਜਾਵੇ ਤਾਂ ਜੋ ਵਿਦਿਆਰਥੀਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਹੋ ਸਕੇ | ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਿਆ ਜਾਵੇ | ਇਸ ਮੌਕੇ ਸੰਸਥਾ ਦੇ ਚੇਅਰਮੈਨ ਸੁਖਮਿੰਦਰ ਸਿੰਘ ਗਿੱਲ ਨੇ ਪ੍ਰੋ: ਹਰਵਿੰਦਰ ਸਿੰਘ ਭੱਟੀ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰਸੀਪਲ ਡਾ: ਮਨਪ੍ਰੀਤ ਕੌਰ, ਵਾਈਸ ਪਿ੍ੰਸੀਪਲ ਜਸਵੀਰ ਕੌਰ, ਇੰਚਾਰਜ ਅਜਿੰਦਰਪਾਲ ਟਿਵਾਣਾ, ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |