ਬਰਨਾਲਾ, 23 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਸੰਘੇੜਾ ਵਿਖੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਡਾ: ਰਵਿੰਦਰ ਕੌਰ ਜਵੰਧਾ ਨੇ ਕਿਹਾ ਕਿ ਆਪਣੀ ਮਾਂ ਬੋਲੀ ਰਾਹੀਂ ਪੀੜ੍ਹੀਆਂ ਵਿਚਕਾਰ ਸਾਂਝ ਪੈਦਾ ਹੁੰਦੀ ਹੈ | ਬੱਚਿਆਂ ਦੀ ਸਿੱਖਿਆ ਦੀ ਮੁੱਢਲੀ ਨੀਂਹ ਅਤੇ ਉਨ੍ਹਾਂ ਵਿਚ ਆਤਮ-ਵਿਸ਼ਵਾਸ ਪੈਦਾ ਕਰਨ ਲਈ ਮਾਂ ਬੋਲੀ ਅਹਿਮ ਭੂਮਿਕਾ ਨਿਭਾਉਂਦੀ ਹੈ ਕਿਉਂਕਿ ਇਸ ਵਿਚ ਪ੍ਰਗਟਾਵਾ ਕਰਨਾ ਸਹਿਜ ਤੇ ਕੁਦਰਤੀ ਹੁੰਦਾ ਹੈ | ਮਾਂ- ਬੋਲੀ ਸਾਨੂੰ ਸਾਡੇ ਪਿਛੋਕੜ ਨਾਲ ਜੋੜਦੀ ਹੈ ਤੇ ਇਸ ਤੋਂ ਬਿਨਾਂ ਵਿਅਕਤੀ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਜਾਂਦਾ ਹੈ | ਮਾਤ ਭਾਸ਼ਾ ਸਾਨੂੰ ਸਾਡੇ ਇਤਿਹਾਸ ਅਤੇ ਵਿਰਸੇ ਨਾਲ ਜੋੜਦੀ ਹੈ | ਮਨ ਦੇ ਵਲਵਲੇ, ਅੰਦਰੂਨੀ ਡੂੰਘੇ ਭਾਵ ਜਿਵੇਂ ਖ਼ੁਸ਼ੀ, ਗਮੀ, ਹੈਰਾਨੀ ਮਾਂ-ਬੋਲੀ ਵਿਚ ਪ੍ਰਗਟਾਏ ਜਾ ਸਕਦੇ ਹਨ, ਉਹ ਕਿਸੇ ਹੋਰ ਭਾਸ਼ਾ ਵਿਚ ਸਮਝਾਉਣੇ ਸੰਭਵ ਨਹੀਂ | ਆਪਣੀ ਮਾਂ-ਬੋਲੀ ਵਿਚ ਮੁਹਾਰਤ ਹੋਣ ਨਾਲ ਹੀ ਦੂਜੀਆਂ ਭਾਸ਼ਾਵਾਂ ਸਿੱਖਣੀਆਂ ਸੌਖੀਆਂ ਅਤੇ ਪ੍ਰਭਾਵਸ਼ਾਲੀ ਹੁੰਦੀਆਂ ਹਨ | ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |