ਬਰਨਾਲਾ, 23 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਵਲੋਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਇੱਕ ਵੱਖਰੇ ਅਤੇ ਵਿਲੱਖਣ ਤਰੀਕੇ ਨਾਲ ਮਨਾਇਆ ਗਿਆ | ਇਸ ਮੌਕੇ ਰਵਾਇਤੀ ਗਤੀਵਿਧੀਆਂ (ਕਵੀ ਦਰਬਾਰ, ਨਾਟਕ ਮੰਚਨ ਆਦਿ) ਦੀ ਬਜਾਏ ਸਰਕਾਰੀ ਕਰਮਚਾਰੀਆਂ ਨੂੰ ਪੰਜਾਬ ਰਾਜ ਭਾਸ਼ਾ ਕਾਨੂੰਨ ਬਾਰੇ ਜਾਣਕਾਰੀ ਦੇ ਕੇ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਕੰਮ ਕਰਨ ਦਾ ਪ੍ਰਣ ਦਿਵਾਇਆ ਗਿਆ | ਜ਼ਿਲ੍ਹਾ ਖੋਜ ਅਫ਼ਸਰ ਬਿੰਦਰ ਸਿੰਘ ਖੁੱਡੀ ਕਲਾਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਬਰਨਾਲਾ ਦੀ ਅਗਵਾਈ ਹੇਠ ਜ਼ਿਲ੍ਹੇ 'ਚ ਪੰਜਾਬ ਰਾਜ ਭਾਸ਼ਾ ਐਕਟ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਬਾਕੀ ਭਾਸ਼ਾਵਾਂ ਨੂੰ ਸਤਿਕਾਰ ਦੇਣਾ ਸਾਡਾ ਫ਼ਰਜ਼ ਹੈ ਪਰ ਮਾਂ-ਬੋਲੀ ਪੰਜਾਬੀ ਨੂੰ ਰੂਹ ਤੋਂ ਪਿਆਰ ਕਰਨਾ ਸਾਡਾ ਇਖ਼ਲਾਕੀ ਫ਼ਰਜ਼ ਬਣਦਾ ਹੈ | ਇਸ ਗੱਲ ਦੀ ਬੜੀ ਖ਼ੁਸ਼ੀ ਹੈ ਕਿ ਅੱਜ ਪੰਜਾਬੀ ਭਾਸ਼ਾ ਦਾ ਘੇਰਾ ਕੌਮੀ ਤੋਂ ਕੌਮਾਂਤਰੀ ਪੱਧਰ 'ਤੇ ਵਿਸ਼ਾਲ ਹੋ ਰਿਹਾ ਹੈ | ਉਨ੍ਹਾਂ ਪੰਜਾਬ ਰਾਜ ਭਾਸ਼ਾ ਕਾਨੂੰਨ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਾਨੂੰਨ ਅਨੁਸਾਰ ਸਮੂਹ ਸਰਕਾਰੀ ਦਫ਼ਤਰਾਂ ਅਤੇ ਅਦਾਰਿਆਂ ਦਾ ਕੰਮ-ਕਾਜ ਪੰਜਾਬੀ (ਗੁਰਮੁਖੀ ਲਿਪੀ) ਵਿਚ ਕਰਨਾ ਲਾਜ਼ਮੀ ਹੈ | ਇਸ ਦੌਰਾਨ ਹਾਜ਼ਰ ਕਰਮਚਾਰੀਆਂ ਨੂੰ ਇਹ ਪ੍ਰਣ ਦਿਵਾਇਆ ਗਿਆ ਅਤੇ ਮੁਲਾਜ਼ਮਾਂ ਨੇ ਵੀ ਦਫ਼ਤਰੀ ਕੰਮਾਂ 'ਚ ਪੰਜਾਬੀ ਭਾਸ਼ਾ ਦੇ ਮੁਕੰਮਲ ਇਸਤੇਮਾਲ ਦਾ ਯਕੀਨ ਦਿਵਾਇਆ | ਇਸ ਮੌਕੇ ਡਿਪਟੀ ਕਮਿਸ਼ਨਰ ਦਫ਼ਤਰ ਦੀ ਐੱਮ.ਏ. ਸ਼ਾਖਾ ਤੋਂ ਜਸਪ੍ਰੀਤ ਕੌਰ ਤੇ ਸੁਖਵਿੰਦਰ ਸਿੰਘ, ਜ਼ਿਲ੍ਹਾ ਨਗਰ ਯੋਜਨਾਕਾਰ ਦਫ਼ਤਰ ਤੋਂ ਬਲਵਿੰਦਰ ਸਿੰਘ, ਸਰੋਜ ਬਾਲਾ, ਸੁਖਵਿੰਦਰ ਕੌਰ, ਆਬਕਾਰੀ ਤੇ ਕਰ ਵਿਭਾਗ ਤੋਂ ਸੰਦੀਪ ਕੌਰ, ਮਨਜੀਤ ਕੌਰ, ਉਪ ਮੰਡਲ ਭੂਮੀ ਰੱਖਿਆ ਅਫ਼ਸਰ ਦਫ਼ਤਰ ਤੋਂ ਗੁਰਤੇਜ ਸਿੰਘ, ਸੁਖਪਾਲ ਸਿੰਘ ਅਤੇ ਰਾਹੁਲ ਕੁਮਾਰ ਸਮੇਤ ਹੋਰ ਵਿਭਾਗਾਂ ਦੇ ਕਰਮਚਾਰੀਆਂ ਤੋਂ ਇਲਾਵਾ ਜ਼ਿਲ੍ਹਾ ਭਾਸ਼ਾ ਦਫ਼ਤਰ ਵਲੋਂ ਕਲਰਕ ਸੰਦੀਪ ਕੌਰ ਅਤੇ ਕਰਮਚਾਰੀ ਗੋਬਿੰਦ ਸਿੰਘ ਵੀ ਮੌਜੂਦ ਸਨ |