ਮਹਿਲ ਕਲਾਂ, 2 ਅਪ੍ਰੈਲ (ਅਵਤਾਰ ਸਿੰਘ ਅਣਖੀ)-ਲਾਲ ਝੰਡਾ ਭੱਠਾ ਵਰਕਰ ਯੂਨੀਅਨ ਪੰਜਾਬ ਸੀਟੂ ਦੇ ਸੱਦੇ 'ਤੇ ਭੱਠਾ ਮਜ਼ਦੂਰਾਂ ਵਲੋਂ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਲੇਬਰ ਕੋਡਾਂ ਦੀਆਂ ਕਾਪੀਆਂ ਸਾੜ ਕੇ ਕਾਲਾ ਦਿਨ ਮਨਾਇਆ ਗਿਆ | ਇਸ ਮੌਕੇ ਐਲਾਨ ਕੀਤਾ ਗਿਆ ਕਿ 3 ਅਪ੍ਰੈਲ ਤੱਕ ਇਹ ਰੋਸ ਜਾਰੀ ਰਹਿਣਗੇ | ਇਸ ਉਪਰੰਤ 6 ਅਪ੍ਰੈਲ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਰੈਲੀ 'ਚ ਭੱਠਾ ਮਜ਼ਦੂਰ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨਗੇ | ਸੀਟੂ ਦੇ ਸੂਬਾ ਆਗੂ ਮਾਨ ਸਿੰਘ ਗੁਰਮ, ਪ੍ਰੀਤਮ ਸਿੰਘ ਸਹਿਜੜਾ ਨੇ ਕਿਹਾ ਕਿ ਕੇਂਦਰੀ ਸਰਕਾਰ ਵਲੋਂ 29 ਕਿਰਤ ਕਾਨੂੰਨਾਂ ਨੂੰ ਖ਼ਤਮ ਕਰ ਕੇ ਚਾਰ ਨਵੇਂ ਲੇਬਰ ਕੋਡ ਲਾਗੂ ਕਰਨਾ ਮਜ਼ਦੂਰਾਂ ਦੇ ਹੱਕਾਂ 'ਤੇ ਵੱਡਾ ਹਮਲਾ ਹੈ | ਉਨ੍ਹਾਂ ਦੱਸਿਆ ਕਿ 2015 ਦੀ ਕੌਮੀ ਲੇਬਰ ਕਾਨਫ਼ਰੰਸ ਤੋਂ ਬਾਅਦ ਤਿੰਨ ਧਿਰਾਂ-ਸਰਕਾਰ, ਮਾਲਕਾਂ ਅਤੇ ਟਰੇਡ ਯੂਨੀਅਨਾਂ ਦੀ ਕੋਈ ਮੀਟਿੰਗ ਨਹੀਂ ਬੁਲਾਈ ਗਈ, ਜਿਸ ਨਾਲ ਮਜ਼ਦੂਰਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ | ਮਜ਼ਦੂਰ ਆਗੂਆਂ ਨੇ ਕਿਹਾ ਕਿ ਇਹ ਲੇਬਰ ਕੋਡ ਮਜ਼ਦੂਰਾਂ ਦੀਆਂ ਯੂਨੀਅਨ ਬਣਾਉਣ, ਉਜ਼ਰਤਾਂ 'ਚ ਵਾਧਾ ਮੰਗਣ ਅਤੇ ਧਰਨੇ-ਰੈਲੀਆਂ ਕਰਨ ਦੇ ਹੱਕਾਂ 'ਤੇ ਪਾਬੰਦੀਆਂ ਲਗਾਉਂਦਿਆਂ ਕਾਰਪੋਰੇਟ ਘਰਾਨਿਆਂ ਨੂੰ ਫ਼ਾਇਦੇਮੰਦ ਸਾਬਤ ਹੋਣਗੇ | ਉਨ੍ਹਾਂ ਕਿਹਾ ਕਿ ਮਜ਼ਦੂਰ, ਕਿਸਾਨ ਅਤੇ ਮੁਲਾਜ਼ਮਾਂ ਦੇ ਜਮਹੂਰੀ ਹੱਕਾਂ ਦੀ ਰੱਖਿਆ ਲਈ ਵਿਸ਼ਾਲ ਏਕਤਾ ਅਤੇ ਤਿੱਖੇ ਸਾਂਝੇ ਸੰਘਰਸ਼ ਸਮੇਂ ਦੀ ਮੁੱਖ ਲੋੜ ਹਨ | ਇਸ ਮੌਕੇ ਰਾਜਾ ਰਾਮ, ਵਿਸ਼ਾਲ ਸ਼ਰਮਾ, ਪਦਾਰ ਸ਼ਰਮਾ, ਸ਼ਮਸ਼ੇਰ ਆਲਮ, ਲਖਬੀਰ ਸਿੰਘ, ਬਲਵੀਰ ਸਿੰਘ, ਅਮਰ ਸਿੰਘ, ਬਿਰਜੂ ਸ਼ਰਮਾ, ਪੂਜਾ ਦੇਵੀ, ਮੰਜੂ ਦੇਵੀ, ਸੰਜੂ ਦੇਵੀ, ਸੰਤੋਸ਼ ਸ਼ਰਮਾ, ਵਿਨੋਦ ਸ਼ਰਮਾ ਆਦਿ ਹਾਜ਼ਰ ਸਨ |