ਤਪਾ ਮੰਡੀ, 20 ਅਪ੍ਰੈਲ (ਵਿਜੇ ਸ਼ਰਮਾ)ਫ਼ਤਿਹ ਕਾਲਜ ਰਾਮਪੁਰਾ ਫੂਲ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਜੀਵਨ, ਬਾਣੀ ਅਤੇ ਸ਼ਹਾਦਤ ਵਿਸ਼ੇ 'ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦਾ ਮੁੱਖ ਉਦੇਸ਼ ਨੌਵੇਂ ਪਾਤਸ਼ਾਹ ਦੇ ਜੀਵਨ-ਸੰਦੇਸ਼, ਉਨ੍ਹਾਂ ਦੀ ਬਾਣੀ ਦੀ ਆਤਮਿਕ ਮਹੱਤਤਾ ਅਤੇ ਮਨੁੱਖਤਾ ਦੀ ਰੱਖਿਆ ਲਈ ਦਿੱਤੀ ਗਈ ਮਹਾਨ ਸ਼ਹਾਦਤ ਨੂੰ ਵਿਦਵੱਤਮਈ ਢੰਗ ਨਾਲ ਸਮਝਣਾ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸੀ | ਇਸ ਮੌਕੇ ਸੰਸਥਾ ਦੇ ਚੇਅਰਮੈਨ ਐਸ.ਐਸ. ਚੱਠਾ, ਪ੍ਰੋ: ਬਘੇਲ ਸਿੰਘ (ਪਿ੍ੰਸੀਪਲ) ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਅਤੇ ਸ਼ਹਾਦਤ ਨੂੰ ਮਨੁੱਖੀ ਆਜ਼ਾਦੀ, ਸਚਾਈ, ਨਿਰਭੀਕਤਾ ਅਤੇ ਧਾਰਮਿਕ ਸਹਿਣਸ਼ੀਲਤਾ ਦੀ ਉੱਚੀ ਮਿਸਾਲ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਗੁਰੂ ਸਾਹਿਬਾਨ ਦੇ ਜੀਵਨ-ਆਦਰਸ਼ਾਂ ਨੂੰ ਸਮਾਜ ਨਾਲ ਜੋੜਨਾ ਬਹੁਤ ਜ਼ਰੂਰੀ ਹੈ | ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਪੂਰੀ ਮਨੁੱਖਤਾ ਲਈ ਅੰਤਰਆਤਮਾ ਦੀ ਆਜ਼ਾਦੀ ਅਤੇ ਧਾਰਮਿਕ ਅਧਿਕਾਰਾਂ ਦੀ ਰੱਖਿਆ ਦਾ ਪ੍ਰਤੀਕ ਹੈ | ਸੈਮੀਨਾਰ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਡਾ: ਰਮਨਪ੍ਰੀਤ ਕੌਰ (ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ), ਡਾ: ਨਰੇਸ਼ ਕੁਮਾਰ (ਸੈਂਟਰਲ ਯੂਨੀਵਰਸਿਟੀ ਆਫ਼ ਹਿਮਾਚਲ ਪ੍ਰਦੇਸ਼, ਧਰਮਸ਼ਾਲਾ) ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਦੇ ਵੱਖ-ਵੱਖ ਪੱਖਾਂ ਅਤੇ ਉਨ੍ਹਾਂ ਦੀ ਬਾਣੀ ਦੇ ਆਤਮਿਕ ਸੰਦੇਸ਼ ਨੂੰ ਵਿਸਥਾਰ ਨਾਲ ਰੱਖਿਆ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਮਨੁੱਖ ਨੂੰ ਮਾਇਆ ਮੋਹ ਤੋਂ ਉੱਪਰ ਉੱਠ ਕੇ ਸੱਚ, ਸੰਤੋਖ, ਨਿਮਰਤਾ ਅਤੇ ਪ੍ਰਭੂ-ਚਿੰਤਨ ਵਾਲੇ ਜੀਵਨ ਵੱਲ ਪ੍ਰੇਰਿਤ ਕਰਦੀ ਹੈ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਆਪਣੇ ਜੀਵਨ ਅਤੇ ਸ਼ਹਾਦਤ ਰਾਹੀਂ ਮਨੁੱਖੀ ਅਧਿਕਾਰਾਂ ਅਤੇ ਸੱਚ ਦੇ ਪੱਖ ਵਿਚ ਡਟਣ ਦਾ ਸੰਦੇਸ਼ ਦਿੱਤਾ | ਡਾ: ਅਮਨਦੀਪ ਸਿੰਘ ਬਰਾੜ ਅਤੇ ਡਾ: ਰਾਜਿੰਦਰ ਸਿੰਘ ਨੇ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਦੇ ਸਾਹਿਤਕ, ਦਾਰਸ਼ਨਿਕ ਅਤੇ ਸਮਾਜਕ ਪੱਖਾਂ ਨੂੰ ਉਜਾਗਰ ਕਰਦਿਆਂ ਵਿਦਿਆਰਥੀਆਂ ਨੂੰ ਗੰਭੀਰ ਅਧਿਐਨ ਲਈ ਪ੍ਰੇਰਿਤ ਕੀਤਾ | ਸੈਮੀਨਾਰ ਦੌਰਾਨ ਕਾਲਜ ਅਤੇ ਬਾਹਰੀ ਸੰਸਥਾਵਾਂ ਦੇ ਅਧਿਆਪਕਾਂ ਅਤੇ ਖੋਜਾਰਥੀਆਂ ਵਲੋਂ ਖੋਜ ਪੇਪਰ ਪੇਸ਼ ਕੀਤੇ ਗਏ | ਇਸ ਮੌਕੇ ਡਾ: ਜਗਵਿੰਦਰ ਸਿੰਘ ਸਿੱਧੂ (ਡੀਨ ਅਕਾਦਮਿਕ), ਐਮ.ਡੀ. ਮਨਜੀਤ ਕੌਰ ਚੱਠਾ, ਸਹਾਇਕ ਡਾਇਰੈਕਟਰ ਹਰਪ੍ਰੀਤ ਸ਼ਰਮਾ, ਪ੍ਰੋ: ਕੁਮਾਰੀ ਸ਼ੈਲਜਾ, ਪ੍ਰੋ: ਸੰਦੀਪ ਕੌਰ, ਪ੍ਰੋ: ਸੋਨਵਿੰਦਰ ਸਿੰਘ, ਪ੍ਰੋ: ਕੁਲਦੀਪ ਸਿੰਘ, ਪ੍ਰੋ: ਅਨੀਤਾ, ਪ੍ਰੋ: ਅਨੀਕਾ, ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |