ਰੂੜੇਕੇ ਕਲਾਂ, 24 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਰੂੜੇਕੇ ਕਲਾਂ ਦੇ ਨੌਜਵਾਨ ਵਲੋਂ ਜ਼ਹਿਰੀਲੀ ਚੀਜ ਖਾ ਕੇ ਖ਼ੁਦਕੁਸ਼ੀ ਕਰਨ ਅਤੇ ਦੋ ਪਿੰਡ ਦੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ | ਮਿ੍ਤਕ ਨੌਜਵਾਨ ਅੰਮਿ੍ਤਪਾਲ ਸਿੰਘ ਉਮਰ 26 ਸਾਲ ਦੇ ਪਿਤਾ ਗੁਲਜਾਰ ਸਿੰਘ ਪੁੱਤਰ ਲੀਲੂ ਸਿੰਘ ਵਾਸੀ ਰੂੜੇਕੇ ਕਲਾਂ ਨੇ ਆਪਣੇ ਸਮਰੱਥਕਾਂ ਸਮੇਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਪੁੱਤਰ ਅੰਮਿ੍ਤਪਾਲ ਸਿੰਘ ਅਜੇ ਕੁਆਰਾ ਸੀ ਜੋ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ | ਸੁਰਿੰਦਰ ਸਿੰਘ ਵਾਸੀ ਰੂੜੇਕੇ ਕਲਾਂ ਦੀ ਪਤਨੀ ਨਾਲ ਉਸ ਦੇ ਪੁੱਤਰ ਦੀ ਇਕ ਸਾਲ ਤੋਂ ਦੋਸਤੀ ਸੀ | ਜਿਸ ਕਰ ਕੇ ਉਸਦਾ ਲੜਕਾ ਉਸ ਨਾਲ ਗੱਲਬਾਤ ਕਰਦਾ ਰਹਿੰਦਾ ਸੀ | ਇਸ ਸਬੰਧੀ ਸੁਰਿੰਦਰ ਸਿੰਘ ਨੂੰ ਪਤਾ ਲੱਗ ਗਿਆ ਸੀ | ਸੁਰਿੰਦਰ ਸਿੰਘ ਨੇ ਉਸਦੇ ਲੜਕੇ ਖਿਲਾਫ਼ ਪੰਚਾਇਤੀ ਇਕੱਠ ਕੀਤਾ ਸੀ | ਜਿੱਥੇ ਕਿ ਦੋਨੋ ਧਿਰਾਂ ਦਾ ਪੰਚਾਇਤੀ ਰਾਜੀਨਾਮਾ ਹੋ ਗਿਆ ਸੀ | ਬਾਅਦ ਵਿਚ ਉਸ ਦਾ ਪੁੱਤਰ ਅਤੇ ਸੁਰਿੰਦਰ ਸਿੰਘ ਦੀ ਪਤਨੀ ਦੁਬਾਰਾ ਆਪਸ ਵਿਚ ਗੱਲਬਾਤ ਕਰਨ ਲੱਗ ਪਏ ਸਨ | ਪਿਛਲੇ ਦਿਨੀਂ ਸੁਰਿੰਦਰ ਸਿੰਘ ਅਤੇ ਉਸ ਦਾ ਪਿਤਾ ਗੁਰਤੇਜ ਸਿੰਘ ਉਨ੍ਹਾਂ ਦੇ ਘਰ ਆਏ ਜੋ ਕਿ ਜਾਨੋ ਮਾਰਨ ਦੀਆਂ ਧਮਕੀਆਂ ਦੇ ਗਏ ਸਨ | ਜਿਸ ਕਰ ਕੇ ਉਸ ਦੇ ਪੁੱਤਰ ਅੰਮਿ੍ਤਪਾਲ ਸਿੰਘ ਨੇ ਮੁੱਖ ਮਾਰਗ ਪਿੰਡ ਕਰਾੜਵਾਲਾ ਲਸਾੜਾ ਡਰੇਨ ਪੁਲ 'ਤੇ ਕੋਈ ਜ਼ਹਿਰੀਲੀ ਚੀਜ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ | ਮਿ੍ਤਕ ਨੌਜਵਾਨ ਦੇ ਦਾਦਾ ਲੀਲੂ ਸਿੰਘ, ਦਾਦੀ ਬੰਸੋ ਕੌਰ, ਮਾਤਾ ਬੀਰੀ ਕੌਰ ਨੇ ਦੱਸਿਆ ਕਿ ਸਾਡੇ ਪੁੱਤਰ ਦੀ ਮੌਤ ਸਬੰਧੀ ਪੁਲਿਸ ਥਾਣਾ ਸਦਰ ਰਾਮਪੁਰਾ ਵਿਖੇ ਸੁਰਿੰਦਰ ਸਿੰਘ ਪੁੱਤਰ ਗੁਰਤੇਜ ਸਿੰਘ ਅਤੇ ਗੁਰਤੇਜ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਰੂੜੇਕੇ ਕਲਾਂ ਖਿਲਾਫ਼ ਮਾਮਲਾ ਦਰਜ ਹੋਇਆ ਸੀ | ਪ੍ਰੰਤੂ ਪੁਲਿਸ ਨੇ ਮਾਮਲੇ ਦੇ ਦੋਸ਼ੀ ਵਿਅਕਤੀਆਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਹੈ | ਮਾਮਲੇ ਦੇ ਦੋਸ਼ੀ ਸ਼ਰ੍ਹੇਆਮ ਪਿੰਡ ਵਿਚ ਘੁੰਮ ਰਹੇ ਹਨ | ਮਿ੍ਤਕ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਸਬੰਧੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦਰਜ ਮਾਮਲੇ ਦੇ ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ | ਇਸ ਮੌਕੇ ਗੁਲਜਾਰ ਸਿੰਘ, ਸੁਖਜੀਤ ਕੌਰ, ਸਰਬਜੀਤ ਕੌਰ, ਕਰਮਜੀਤ ਕੌਰ, ਕੈਲੋ ਕੌਰ, ਸੁਖਵਿੰਦਰ ਕੌਰ, ਸੁਖਦੀਪ ਕੌਰ, ਗੇਜੋ ਕੌਰ, ਕਾਲੂ ਸਿੰਘ, ਜੰਗ ਸਿੰਘ, ਪ੍ਰਦੀਪ ਸਿੰਘ, ਪਵਨ ਸਿੰਘ, ਸੁਰਜੀਤਪਾਲ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ |