ਰੂੜੇਕੇ ਕਲਾਂ, 26 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਖੁੱਡੀ ਪੱਤੀ ਧੌਲਾ ਵਿਖੇ ਪੰਚਾਇਤੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਦੀ ਆਪਸੀ ਲੜਾਈ ਹੋਣ ਕਰ ਕੇ ਕਈ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਜਾਣਕਾਰੀ ਦਿੰਦੇ ਹੋਏ ਜਸਵੀਰ ਸਿੰਘ ਪੁੱਤਰ ਬਸੰਤ ਸਿੰਘ ਨੇ ਦੱਸਿਆ ਕਿ ਸਾਡਾ ਜ਼ਮੀਨ 'ਤੇ ਪਿਛਲੇ 70 ਸਾਲਾਂ ਤੋਂ ਕਬਜ਼ਾ ਹੈ | ਜਿਸ ਵਿਚੋਂ ਕਰੀਬ 4 ਕਨਾਲ ਜ਼ਮੀਨ ਨੂੰ ਪਿੰਡ ਦੇ ਸਰਪੰਚ ਹੀਰਾ ਸਿੰਘ ਵਲੋਂ ਪੰਚਾਇਤੀ ਜ਼ਮੀਨ ਕਹਿ ਕੇ ਸਾਡੇ ਤੋਂ ਧੱਕੇਸ਼ਾਹੀ ਜ਼ਮੀਨ ਦਾ ਕਬਜ਼ਾ ਛਡਾਇਆ ਜਾ ਰਿਹਾ ਹੈ | ਜਦੋਂ ਕਿ ਪਿੰਡ ਧੌਲਾ ਦੀ ਗ੍ਰਾਮ ਪੰਚਾਇਤ ਦੀ ਮਲਕੀਅਤ ਜ਼ਮੀਨ ਕਰੀਬ 40 ਏਕੜ 'ਤੇ ਨਜਾਇਜ਼ ਕਬਜ਼ਾ ਹੋਇਆ ਹੈ | ਉਨ੍ਹਾਂ ਦੋਸ਼ ਲਾਇਆ ਕਿ ਸਰਪੰਚ ਹੀਰਾ ਸਿੰਘ ਤੇ ਉਸ ਦੇ ਸਾਥੀ ਨਿੱਜੀ ਰੰਜਸ਼ ਤਹਿਤ ਸਾਡੇ ਕਬਜ਼ੇ ਵਾਲੀ ਜ਼ਮੀਨ ਦਾ ਧੱਕੇਸ਼ਾਹੀ ਕਬਜ਼ਾ ਲੈਣਾ ਚਾਹੁੰਦੇ ਹਨ | ਅੱਜ ਸਰਪੰਚ ਹੀਰਾ ਸਿੰਘ ਦੇ ਸਮਰਥਕ ਤੋਤੀ ਸਿੰਘ, ਵਿੱਕੀ ਸਿੰਘ ਸਮੇਤ 4-5 ਅਣਪਛਾਤੇ ਨੌਜਵਾਨ ਜਿਨ੍ਹਾਂ ਦੇ ਹੱਥਾਂ ਵਿਚ ਮਾਰੂ ਹਥਿਆਰ ਸਨ ਸਾਰਿਆਂ ਨੇ ਉਸ 'ਤੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ 'ਤੇ ਜਾਨਲੇਵਾ ਹਮਲਾ ਕਰ ਕੇ ਉਸ ਦੇ ਪਿਤਾ ਬਸੰਤ ਸਿੰਘ ਪੁੱਤਰ ਨੇਕ ਸਿੰਘ ਦੇ ਸਿਰ ਵਿਚ ਸੱਟ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ | ਜੋ ਕਿ ਬਠਿੰਡਾ ਵਿਖੇ ਇਲਾਜ ਅਧੀਨ ਹੈ | ਉਸ ਦੀ ਮਾਤਾ ਅਤੇ ਉਸ ਦੇ ਖ਼ੁਦ ਵੀ ਸੱਟਾਂ ਲੱਗੀਆਂ ਹਨ | ਇਹ ਲੜਾਈ ਪਿੰਡ ਦੇ ਸਰਪੰਚ ਹੀਰਾ ਸਿੰਘ ਵਲੋਂ ਧੱਕੇਸ਼ਾਹੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਕਰ ਕੇ ਹੋਈ ਹੈ | ਪੀੜਤ ਨੌਜਵਾਨ ਅਤੇ ਉਸ ਦੇ ਜ਼ਖ਼ਮੀ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ | ਇਸ ਲੜਾਈ ਦੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ | ਜਿਸ ਵਿਚ ਕਿ ਕਰੀਬ ਪੰਜ ਛੇ ਨੌਜਵਾਨ ਹੱਥਾਂ ਵਿਚ ਮਾਰੂ ਹਥਿਆਰ ਲੈ ਕੇ ਇਕ ਪਰਿਵਾਰ 'ਤੇ ਹਮਲਾ ਕਰਦੇ ਦਿਖਾਈ ਦੇ ਰਹੇ ਹਨ | ਦੂਜੀ ਧਿਰ ਦੇ ਸਰਪੰਚ ਹੀਰਾ ਸਿੰਘ ਖੁੱਡੀ ਪੱਤੀ ਧੌਲਾ ਨੇ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਨੂੰ ਝੂਠੇ ਦੱਸਦਿਆਂ ਕਿਹਾ ਕਿ ਬਸੰਤ ਸਿੰਘ ਪੁੱਤਰ ਨੇਕ ਸਿੰਘ ਵਾਸੀ ਖੁੱਡੀ ਪੱਤੀ ਧੌਲਾ ਪੰਚਾਇਤੀ ਜ਼ਮੀਨ 'ਤੇ ਨਜਾਇਜ਼ ਕਬਜ਼ਾ ਕਰ ਰਿਹਾ ਹੈ | ਪੰਚਾਇਤੀ ਜ਼ਮੀਨ ਵਿਚ ਗ੍ਰਾਮ ਪੰਚਾਇਤ ਖੁੱਡੀ ਪੱਤੀ ਧੌਲਾ ਵਲੋਂ ਨੌਜਵਾਨਾਂ ਲਈ ਖੇਡ ਗਰਾਊਾਡ ਬਣਾਇਆ ਜਾਣਾ ਹੈ | ਜਿਸ ਨੂੰ ਬਣਾਉਣ ਲਈ ਅੱਜ ਉਹ ਪੰਚਾਇਤੀ ਜ਼ਮੀਨ ਵਿਚ ਗਏ ਸਨ | ਜਿੱਥੇ ਉਕਤ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਨਾਲ ਲੜਾਈ ਝਗੜਾ ਕੀਤਾ ਹੈ | ਜਦੋਂ ਇਸ ਸਬੰਧੀ ਪੁਲਿਸ ਥਾਣਾ ਰੂੜੇਕੇ ਕਲਾਂ ਦੇ ਮੁੱਖ ਅਫ਼ਸਰ ਇੰਸਪੈਕਟਰ ਬਲਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਪਿੰਡ ਧੌਲਾ ਵਿਖੇ ਲੜਾਈ ਹੋਈ ਕੁੱਝ ਵਿਅਕਤੀ ਜ਼ਖ਼ਮੀ ਹੋਏ ਹਨ | ਜੋ ਕਿ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹਨ | ਜ਼ਖ਼ਮੀਆਂ ਦੇ ਬਿਆਨਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਜਦੋਂ ਇਸ ਸਬੰਧੀ ਜਸਕਰਨ ਸਿੰਘ ਬਰਾੜ ਡੀ.ਐਸ.ਪੀ ਤਪਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |