ਮਹਿਲ ਕਲਾਂ, 26 ਅਪ੍ਰੈਲ (ਤਰਸੇਮ ਸਿੰਘ ਗਹਿਲ, ਅਵਤਾਰ ਸਿੰਘ ਅਣਖੀ)-ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਆਪ ਨੂੰ ਅਲਵਿਦਾ ਆਖ ਭਾਜਪਾ ਵਿਚ ਸ਼ਾਮਿਲ ਹੋਏ ਰਾਘਵ ਚੱਡਾ ਸਮੇਤ ਹੋਰ ਆਗੂਆਂ ਦੇ ਪੁਤਲੇ ਫੂਕੇ ਗਏ | ਇਸ ਸਮੇਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਘਵ ਚੱਢਾ ਨੇ ਪਾਰਟੀ ਨਾਲ ਦਗ਼ਾ ਕਮਾਇਆ ਹੈ, ਕਿਉਂਕਿ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਰਾਘਵ ਚੱਢਾ ਨੂੰ ਆਪਣੇ ਪੁੱਤਰਾਂ ਵਾਂਗ ਸਤਿਕਾਰ ਦਿੱਤਾ | ਪਾਰਟੀ ਵਿਚ ਉੱਚ ਅਹੁਦੇ ਦੇਣ ਤੋਂ ਇਲਾਵਾ ਉੱਚ ਅਹੁਦਾ ਰਾਜ ਸਭਾ ਮੈਂਬਰ ਵੀ ਬਣਾਇਆ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਕਿਵੇਂ ਆਮ ਪਰਿਵਾਰਾਂ ਦੇ ਨੌਜਵਾਨਾਂ ਨੂੰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਧਾਇਕ ਅਤੇ ਫਿਰ ਮੰਤਰੀ ਬਣਾਇਆ | ਰਾਘਵ ਚੱਢਾ ਅਤੇ ਉਸ ਨਾਲ ਗਏ ਕਾਰੋਬਾਰੀਆਂ ਨੇ ਪੰਜਾਬ ਦੇ ਲੋਕਾਂ ਨਾਲ ਅਤੇ ਪਾਰਟੀ ਨਾਲ ਧ੍ਰੋਹ ਕਮਾਇਆ ਹੈ | ਇਸ ਲਈ ਪੰਜਾਬ ਦੇ ਲੋਕ ਉਨ੍ਹਾਂ ਨੂੰ ਗ਼ੱਦਾਰ ਵਜੋਂ ਮਾਨਤਾ ਦੇ ਚੁੱਕੇ ਹਨ ਅਤੇ ਕਦੇ ਮੁਆਫ਼ ਨਹੀਂ ਕਰਨਗੇ | ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸੁਖਵਿੰਦਰ ਦਾਸ ਕੁਰੜ, ਸਰਪੰਚ ਗੁਰਦੀਪ ਸਿੰਘ ਛਾਪਾ, ਸਲਾਹਕਾਰ ਦਵਿੰਦਰ ਸਿੰਘ ਧਨੋਆ ਕੁਤਬਾ, ਯੂਥ ਆਗੂ ਯਾਦਵਿੰਦਰ ਸਿੰਘ ਯਾਦੂ ਛਾਪਾ, ਸਰਪੰਚ ਸਰਬਜੀਤ ਸਿੰਘ ਸ਼ੰਭੂ ਮਹਿਲ ਕਲਾਂ, ਮਨਜੀਤ ਸਿੰਘ ਸਹਿਜੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਵਿਚ ਇੱਕ ਉਮੀਦ ਦੀ ਕਿਰਨ ਲਿਆਂਦੀ ਸੀ, ਜਿਸ ਤਹਿਤ ਰਾਘਵ ਚੱਢਾ ਵਰਗੇ ਨਵੇਂ ਚਿਹਰਿਆਂ ਨੂੰ ਅੱਗੇ ਵਧਣ ਦਾ ਹਰ ਮੌਕਾ ਦਿੱਤਾ, ਪਰ ਰਾਘਵ ਚੱਢਾ ਵਲੋਂ ਆਪ ਨੂੰ ਅਲਵਿਦਾ ਆਖ ਭਾਜਪਾ 'ਚ ਸ਼ਾਮਿਲ ਹੋਣ ਨਾਲ ਆਮ ਲੋਕਾਂ ਦੇ ਮਨਾ ਵਿਚ ਵੱਡੀ ਸੱਟ ਮਾਰੀ ਹੈ | ਇਸ ਮੌਕੇ ਨਿਰਮਲ ਸਿੰਘ ਛੀਨੀਵਾਲ, ਗੁਰਪ੍ਰੀਤ ਸਿੰਘ ਕਲਾਲ ਮਾਜਰਾ, ਹਰਪ੍ਰੀਤ ਸਿੰਘ ਠੁੱਲੀਵਾਲ, ਹੈਰੀ ਚੀਮਾ, ਤਜਿੰਦਰਦੇਵ ਸਿੰਘ ਮਿੰਟੂ, ਮੰਗਤ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਨਿਹਾਲੂਵਾਲ, ਕੇਵਲ ਸਿੰਘ ਗੰਗੋਹਰ, ਕੁਨਾਲ ਸ਼ਰਮਾ ਆਦਿ ਆਗੂ ਹਾਜ਼ਰ ਸਨ |