ਰੂੜੇਕੇ ਕਲਾਂ, 27 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਪੱਖੋ ਕਲਾਂ ਤੋਂ ਵਾਇਆ ਰੂੜੇਕੇ ਖੁਰਦ-ਬੱਲੋ੍ਹ ਨੂੰ ਅਪਗੇ੍ਰਡ ਹੋ ਕੇ ਨਵੀ ਬਣ ਰਹੀ ਸੜਕ 'ਤੇ ਅਤੀ ਘਟੀਆ ਸਮਾਨ ਲਗਾਉਣ ਦਾ ਪਿੰਡ ਰੂੜੇਕੇ ਕਲਾਂ ਦੇ ਵਸਨੀਕ ਮੁਲਾਜ਼ਮ ਵਿੰਗ ਦੇ ਆਗੂ ਰਾਮ ਸਿੰਘ ਰੂੜੇਕੇ ਖੁਰਦ, ਹਰਬੰਸ ਸਿੰਘ, ਚੀਮਾ ਸਿੰਘ, ਸਵਰਨ ਸਿੰਘ, ਅਜੈਬ ਸਿੰਘ, ਹਰਬੰਸ ਸਿੰਘ, ਕਾਕਾ ਸਿੰਘ, ਮਿੱਠੂ ਸਿੰਘ, ਰਾਜੂ ਪੰਡਿਤ ਨੇ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਸਬੰਧਿਤ ਠੇਕੇਦਾਰ ਵਲੋਂ ਸੜਕ ਦੇ ਨਿਰਮਾਣ 'ਤੇ ਗੁਟਕਾ ਤੇ ਰੇਤਾ ਮਿਕਸ ਕਰ ਕੇ ਪਾਇਆ ਜਾ ਰਿਹਾ ਹੈ | ਜਿਸ ਵਿਚ ਕਿ ਪੱਥਰ ਘੱਟ ਤੇ ਟਿੱਬਿਆਂ ਦਾ ਕੱਕਾ ਰੇਤਾ ਜ਼ਿਆਦਾ ਪਾਇਆ ਜਾ ਰਿਹਾ ਹੈ | ਪੁਰਾਣੀ ਸੜਕ ਦੀਆਂ ਸਾਈਡਾਂ 'ਤੇ ਖੜ੍ਹੀਆਂ ਪੁਰਾਣੀਆਂ ਇੱਟਾਂ ਨੂੰ ਬਾਹਰ ਕੱਢਣ ਦੀ ਬਜਾਏ ਹੇਠਾਂ ਹੀ ਦਬਾਇਆ ਜਾ ਰਿਹਾ ਹੈ | ਇਹ ਪੁਰਾਣੀਆਂ ਇੱਟਾਂ ਨਵੀਂ ਸੜਕ ਦੇ ਬਿਲਕੁਲ ਵਿਚਕਾਰ ਆ ਰਹੀਆਂ ਹਨ | ਜਦੋਂ ਇਸ ਸਬੰਧੀ ਪਿੰਡ ਦੇ ਨੰਬਰਦਾਰ ਚੀਨਾ ਸਿੰਘ ਨੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਸਾਰਾ ਮਾਮਲਾ ਧਿਆਨ ਵਿਚ ਲਿਆਂਦਾ ਤਾਂ ਵਿਧਾਇਕ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਕੰਮ ਬੰਦ ਕਰਵਾਇਆ ਅਤੇ ਮਾਮਲੇ ਦੀ ਜਾਂਚ ਲਈ ਉੱਚ ਅਧਿਕਾਰੀਆਂ ਨੂੰ ਕਿਹਾ ਸੀ | ਪਿੰਡ ਵਾਸੀਆਂ ਨੇ ਦੱਸਿਆ ਕਿ ਸੜਕ ਦੇ ਨਿਰਮਾਣ ਦਾ ਕੰਮ ਤਾਂ ਬੰਦ ਹੋ ਗਿਆ ਹੈ | ਪ੍ਰੰਤੂ ਸੜਕ ਦੇ ਨਿਰਮਾਣ ਲਈ ਵਰਤੇ ਜਾ ਰਹੇ ਘਟੀਆਂ ਸਮਾਨ ਇੱਟਾਂ ਤੇ ਹੋਰ ਸਮਗਰੀ ਦੀ ਜਾਂਚ ਲਈ ਕਿਸੇ ਅਧਿਕਾਰੀ ਨੇ ਪਹੁੰਚ ਨਹੀਂ ਕੀਤੀ ਹੈ | ਪਿੰਡ ਵਾਸੀਆਂ ਨੇ ਡੀ.ਸੀ. ਬਰਨਾਲਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੜਕ ਦੇ ਨਿਰਮਾਣ ਲਈ ਲਗਾਏ ਜਾ ਰਹੇ ਘਟੀਆਂ ਮੈਟੀਰੀਅਲ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਗਠਿਤ ਕਰ ਕੇ ਸਬੰਧਿਤ ਠੇਕੇਦਾਰ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸੜਕ ਦੇ ਨਿਰਮਾਣ 'ਤੇ ਸਾਰਾ ਵਧੀਆ ਕੁਆਲਿਟੀ ਦਾ ਸਮਾਨ ਲਗਾਇਆ ਜਾਵੇ | ਇਸ ਮੌਕੇ ਪਿੰਡ ਵਾਸੀ ਹਾਜ਼ਰ ਸਨ |