ਬਰਨਾਲਾ, 28 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਨੈਸ਼ਨਲ ਗ੍ਰੀਨ ਟਿ੍ਬਿਊਨਲ ਨਵੀਂ ਦਿੱਲੀ ਵਲੋਂ ਜ਼ਿਲ੍ਹਾ ਬਰਨਾਲਾ ਵਿਖੇ ਹਰੇ ਭਰੇ ਗੈਰ ਕਾਨੂੰਨੀ ਰੁੱਖ ਕੱਟਣ ਸਬੰਧੀ ਜਾਂਚ ਕਰਨ ਲਈ ਕੇਂਦਰ ਦੇ ਵਿਭਾਗਾਂ ਦੀ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀ 30 ਅਪ੍ਰੈਲ ਨੂੰ ਜ਼ਿਲ੍ਹਾ ਬਰਨਾਲਾ ਦੇ 22 ਏਕੜ, ਪੁੱਡਾ ਮਾਰਕੀਟ, ਪਿੰਡ ਧਨੇਰ, ਬਖਤਗੜ੍ਹ ਤੇ ਬਦਰਾ ਵਿਖੇ ਘਟਨਾ ਸਥਾਨਾਂ ਦਾ ਦੌਰਾ ਕਰ ਕੇ ਜਾਂਚ ਪੜ੍ਹਤਾਲ ਕਰਨਗੇ | ਗਠਿਤ ਕੀਤੀ ਗਈ ਵਿਸ਼ੇਸ਼ ਟੀਮ ਵਲੋਂ ਡੀ.ਡੀ.ਪੀ.ਓ ਬਰਨਾਲਾ, ਬੀ.ਡੀ.ਪੀ.ਓ ਸ਼ਹਿਣਾ, ਮਹਿਲ ਕਲਾਂ, ਰਾਮ ਤੀਰਥ ਮੰਨਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ, ਰਾਜੇਸ਼ ਕੁਮਾਰ ਈ.ਓ ਨਗਰ ਸੁਧਾਰ ਟਰੱਸਟ ਬਰਨਾਲਾ, ਸੰਦੀਪ ਸ਼ਰਮਾ ਐਕਸੀਅਨ ਪੁੱਡਾ ਪਟਿਆਲਾ, ਸਰਪੰਚ ਅਮਨਪ੍ਰੀਤ ਕੌਰ ਧਨੇਰ, ਸਰਪੰਚ ਗ੍ਰਾਮ ਪੰਚਾਇਤ ਬਖਤਗੜ੍ਹ, ਐਸ.ਐਸ.ਪੀ ਬਰਨਾਲਾ ਆਦਿ ਅਧਿਕਾਰੀਆਂ ਅਤੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਨੂੰ ਪੜ੍ਹਤਾਲ ਦੌਰਾਨ 30 ਅਪ੍ਰੈਲ ਨੂੰ ਘਟਨਾ ਸਥਾਨਾਂ 'ਤੇ ਸ਼ਾਮਿਲ ਪੜ੍ਹਤਾਲ ਹੋਣ ਲਈ ਨੋਟਿਸ ਭੇਜਿਆ ਗਿਆ ਹੈ | ਜਾਣਕਾਰੀ ਦਿੰਦੇ ਹੋਏ ਪਟੀਸ਼ਨ ਕਰਤਾ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ 140 ਹਰੇ ਭਰੇ ਰੁੱਖ 25 ਏਕੜ ਸਕੀਮ ਵਾਲੀ ਜ਼ਮੀਨ ਜਗ੍ਹਾ ਵਿਚੋਂ ਗੈਰ ਕਾਨੂੰਨੀ ਪੁੱਟੇ ਗਏ ਸਨ ਅਤੇ ਪੁੱਡਾ ਮਾਰਕੀਟ ਬਰਨਾਲਾ ਵਿਚੋਂ 100 ਸਾਲ ਨਿੰਮ ਦਾ ਪੁਰਾਣਾ ਰੁੱਖ, ਪਿੰਡ ਬਦਰਾ ਦੀਆਂ ਲਿੰਕ ਰੋਡਾਂ ਤੋਂ 100 ਹਰਿਆ ਭਰਿਆ ਰੁੱਖ, ਪਿੰਡ ਬਖ਼ਤਗੜ੍ਹ ਦੀ ਪੰਚਾਇਤੀ ਜ਼ਮੀਨ ਵਿਚੋਂ 20 ਹਰੇ ਭਰੇ ਰੁੱਖ, ਪਿੰਡ ਧਨੇਰ ਵਿਖੇ 40 ਹਰੇ ਭਰੇ ਰੁੱਖ ਗੈਰ ਕਾਨੂੰਨੀ ਪੁੱਟੇ ਗਏ ਸਨ | ਜਿਨ੍ਹਾਂ ਸਬੰਧੀ ਨੈਸ਼ਨਲ ਗ੍ਰੀਨ ਟਿ੍ਬਿਊਨਲ ਨਵੀਂ ਦਿੱਲੀ ਵਿਖੇ ਪਟੀਸ਼ਨ ਪਾਈ ਗਈ ਸੀ | ਉਨ੍ਹਾਂ ਦੱਸਿਆ ਕਿ 23 ਮਾਰਚ ਨੂੰ ਮਾਨਯੋਗ ਐਨ.ਜੀ.ਟੀ. ਦੇ ਜਸਟਿਸ ਅਤੇ ਮੈਂਬਰ ਸਾਹਿਬਾਨ ਨੇ ਨੈਸ਼ਨਲ ਪ੍ਰਦੂਸ਼ਣ ਕੰਟਰੋਲ ਬੋਰਡ ਦਿੱਲੀ, ਵਾਤਾਵਰਨ ਜੰਗਲ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਚੰਡੀਗੜ੍ਹ, ਵਣ ਵਿਭਾਗ ਪੰਜਾਬ ਦੇ ਅਧਿਕਾਰੀਆਂ ਦੀ ਸਪੈਸ਼ਲ ਟੀਮ ਦਾ ਗਠਨ ਕਰ ਕੇ ਚਾਰ ਹਫ਼ਤਿਆਂ ਵਿਚ ਕਿੰਨੇ ਰੁੱਖ ਪੁੱਟੇ ਗਏ ਹਨ ਅਤੇ ਕਿਸ ਨੇ ਪੁੱਟੇ ਹਨ ਸਾਰੇ ਵਿਅਕਤੀਆਂ ਦੇ ਨਾਮ ਪਤੇ ਆਦਿ ਜਾਂਚ ਦੇ ਹੁਕਮ ਦਿੱਤੇ ਸਨ | ਐਨ.ਜੀ.ਟੀ ਦੇ ਹੁਕਮਾਂ ਅਨੁਸਾਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦਿੱਲੀ ਦੇ ਅਧਿਕਾਰੀ ਜੇ.ਪੀ ਮੀਨਾ ਐਸ.ਸੀ.ਈ, ਜਲਵਾਯੂ ਪਰਿਵਰਤਨ ਮੰਤਰਾਲਾ ਚੰਡੀਗੜ੍ਹ ਦੇ ਅਧਿਕਾਰੀ ਸ਼ਨੀ ਗੋਇਲ ਤੇ ਵਣ ਵਿਭਾਗ ਪੰਜਾਬ ਦੇ ਡੀ.ਐਫ.ਓ ਸੰਗਰੂਰ ਟੀਮ ਦੇ ਮੈਂਬਰ 30 ਅਪ੍ਰੈਲ ਨੂੰ ਜ਼ਿਲ੍ਹਾ ਬਰਨਾਲਾ ਦੇ ਘਟਨਾ ਸਥਾਨਾਂ 'ਤੇ ਜਾ ਕੇ ਜਾਂਚ ਕਰਨਗੇ | ਗੁਰਪ੍ਰੀਤ ਸਿੰਘ ਕਾਹਨੇਕੇ ਨੇ ਕਿਹਾ ਕਿ ਉਹ ਗਠਿਤ ਕੀਤੀ ਗਈ ਟੀਮ ਨੂੰ ਪੂਰਾ ਸਹਿਯੋਗ ਦੇਣਗੇ ਅਤੇ ਘਟਨਾ ਸਥਾਨਾਂ 'ਤੇ ਜਾ ਕੇ ਪੜ੍ਹਤਾਲੀਆਂ ਟੀਮ ਨੂੰ ਸਬੂਤ ਪੇਸ਼ ਕਰਨਗੇ | ਉਨ੍ਹਾਂ ਜ਼ਿਲ੍ਹਾ ਬਰਨਾਲਾ ਦੇ ਸਮੂਹ ਵਾਤਾਵਰਨ ਪ੍ਰੇਮੀਆਂ ਨੰੂ ਅਪੀਲ ਕੀਤੀ ਹੈ ਕਿ ਉਹ ਟੀਮ ਨੂੰ ਆਪਣਾ ਪੱਖ ਪੇਸ਼ ਕਰਨ |