ਸੰਗਰੂਰ, 3 ਮਈ (ਸੁਖਵਿੰਦਰ ਸਿੰਘ ਫੁੱਲ) - ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਪ੍ਰਦੀਪ ਸਿੰਘ ਗਿੱਲ ਦੀਆਂ ਹਦਾਇਤਾਂ ਅਨੁਸਾਰ, ਸੰਗਰੂਰ ਅੰਦਰ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਟਾਸਕ ਫੋਰਸ ਵੱਲੋਂ ਆਨ ਰੋਡ ਵੱਖ-ਵੱਖ ਸਕੂਲੀ ਬੱਸਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ | ਇਸ ਅਭਿਆਨ ਦੌਰਾਨ ਸਕੂਲੀ ਬੱਸਾਂ, ਡਰਾਈਵਰਾਂ ਦੇ ਲਾਜ਼ਮੀ ਦਸਤਾਵੇਜ਼ ਅਤੇ ਸਕੂਲ ਪ੍ਰਬੰਧਨ ਵੱਲੋਂ ਬੱਚਿਆਂ ਦੀ ਸੁਰੱਖਿਆ ਲਈ ਕੀਤੀਆਂ ਵਿਵਸਥਾਵਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ ਅਤੇ 6 ਸਕੂਲੀ ਬੱਸਾਂ ਦੇ ਚਲਾਨ ਕੱਟੇ ਗਏ | ਇਹ ਚਲਾਨ ਰਜਿਸਟ੍ਰੇਸ਼ਨ ਦੀ ਕਮੀ, ਫਿਟਨੈੱਸ ਅਤੇ ਇੰਨਸ਼ੋਰੈਂਸ ਸਰਟੀਫਿਕੇਟ ਦੀ ਅਣਉਪਲਬਧਤਾ, ਡਰਾਈਵਰਾਂ ਦੀ ਹਾਜ਼ਰੀ ਰਿਕਾਰਡ ਵਿੱਚ ਕਮੀਆਂ, ਨਿਯਮਾਂ ਅਨੁਸਾਰ ਯੂਨੀਫ਼ਾਰਮ ਦੀ ਪਾਲਣਾ ਨਾ ਹੋਣਾ, ਫਾਇਰ ਸਿਲੈਂਡਰ, ਫਰਸਟ ਏਡ ਬਾਕਸ, ਲੇਡੀ ਕੰਡਕਟਰ ਨਾ ਹੋਣਾ ਅਤੇ ਹੋਰ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਾਰਨ ਜਾਰੀ ਕੀਤੇ ਗਏ | ਇਸ ਚੈਕਿੰਗ ਮੁਹਿੰਮ ਵਿੱਚ ਅੰਜਾਮ ਦੇਣ ਲਈ ਟਾਸਕ ਫੋਰਸ ਦੇ ਮੈਂਬਰਾਂ ਸ੍ਰੀ ਜਸਵਿੰਦਰ ਸਿੰਘ (ਪੁਲਿਸ ਵਿਭਾਗ), ਸ੍ਰੀ ਸਵਰਨ ਸਿੰਘ (ਪੁਲਿਸ ਵਿਭਾਗ), ਸ਼੍ਰੀ ਅਰਵਿੰਦਰਪਾਲ (ਪੁਲਿਸ ਵਿਭਾਗ), ਸ੍ਰੀ ਸਤਨਾਮ ਸਿੰਘ (ਸਿੱਖਿਆ ਵਿਭਾਗ), ਸੁਰਜੀਤ ਸਿੰਘ (ਚਾਈਲਡ ਹੈਲਪ ਲਾਈਨ), ਅਤੇ ਸ੍ਰੀ ਅਮਨਦੀਪ ਸਿੰਘ (ਡੀ.ਸੀ.ਪੀ.ਯੂ.) ਸ਼ਾਮਲ ਸਨ |