ਮਹਿਲ ਕਲਾਂ, 24 ਮਈ (ਅਵਤਾਰ ਸਿੰਘ ਅਣਖੀ)-ਪਿੰਡ ਲੋਹਗੜ੍ਹ ਵਿਖੇ ਸੱਚਖੰਡ ਵਾਸੀ ਸੰਤ ਰਾਮਾਨੰਦ ਦੀ 17ਵੀਂ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰਦੁਆਰਾ ਗੁਰੂ ਰਵਿਦਾਸ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ | ਸੰਗਤਾਂ ਵਲੋਂ ਸੱਚਖੰਡ ਵਾਸੀ ਸੰਤ ਰਾਮਾਨੰਦ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਉਪਰੰਤ ਵਾਤਾਵਰਨ ਦੀ ਸ਼ੁੱਧਤਾ ਅਤੇ ਸੰਭਾਲ ਦਾ ਹੋਕਾ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਆਲੇ-ਦੁਆਲੇ ਵੱਖ-ਵੱਖ ਕਿਸਮਾਂ ਦੇ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ | ਇਸ ਮੌਕੇ ਸੇਵਾਦਾਰ ਮਹਿੰਦਰ ਸਿੰਘ, ਪ੍ਰਦੀਪ ਸਿੰਘ ਨੇ ਦੱਸਿਆ ਕਿ ਸੰਤ ਰਾਮਾਨੰਦ ਨੇ ਹਮੇਸ਼ਾ ਮਨੁੱਖਤਾ ਦੇ ਭਲੇ ਅਤੇ ਸਮਾਜਿਕ ਸੁਧਾਰ ਦੀ ਸੇਧ ਦਿੱਤੀ ਹੈ | ਉਨ੍ਹਾਂ ਦੀ ਇਸੇ ਅਗਾਂਹਵਧੂ ਸੋਚ 'ਤੇ ਪਹਿਰਾ ਦਿੰਦੇ ਹੋਏ ਇਹ ਧਾਰਮਿਕ ਸਮਾਗਮ ਕਰਵਾਇਆ ਗਿਆ ਹੈ | ਵਾਤਾਵਰਨ ਨੂੰ ਬਚਾਉਣ ਲਈ ਬੂਟੇ ਲਗਾਉਣ ਦੀ ਮੁਹਿੰਮ ਵੀ ਵਿੱਢੀ ਗਈ ਹੈ | ਉਨ੍ਹਾਂ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਪ੍ਰਦੂਸ਼ਣ ਬਹੁਤ ਵੱਡੀ ਸਮੱਸਿਆ ਬਣ ਚੁੱਕਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਘਰ, ਖੇਤਾਂ ਵਿਚ ਘੱਟੋ-ਘੱਟ ਪੰਜ ਪੰਜ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ | ਇਸ ਮੌਕੇ ਸਰਪੰਚ ਹਰਜਿੰਦਰ ਕੌਰ, ਪੰਚ ਬੰਤ ਸਿੰਘ ਦਿਹੜ, ਬਲਜੀਤ ਸਿੰਘ ਬਿੱਲੂ, ਬਿੰਦਰ ਸਿੰਘ ਪਲੰਬਰ, ਗੁਰਪ੍ਰੀਤ ਸਿੰਘ ਗੋਸਾ, ਬਲਜੀਤ ਸਿੰਘ ਦਿਹੜ, ਭੋਲਾ ਸਿੰਘ ਚੁੰਬਰ, ਦਲਜੀਤ ਸਿੰਘ ਲੱਭਾ, ਹਰਦੀਪ ਸਿੰਘ ਦੀਪੀ, ਮਹਿੰਦਰ ਸਿੰਘ, ਰਮਨਦੀਪ ਸਿੰਘ ਰਮਨ, ਡਾ ਅੰਮਿ੍ਤਪਾਲ ਸਿੰਘ ਆਦਿ ਹਾਜ਼ਰ ਸਨ |