ਬਰਨਾਲਾ, 25 ਮਈ (ਗੁਰਪ੍ਰੀਤ ਸਿੰਘ ਲਾਡੀ)- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀਆਂ ਆਮ ਚੋਣਾਂ-2026 ਲਈ ਵੋਟਰਾਂ ਦੀ ਪਛਾਣ ਸੰਬੰਧੀ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਵੋਟਰ ਆਪਣੀ ਪਛਾਣ ਲਈ ਇਲੈਕਟੋਰਲ ਫ਼ੋਟੋ ਆਈਡੈਂਟੀਟੀ ਕਾਰਡ ਭਾਵ ਵੋਟਰ ਕਾਰਡ ਤੋਂ ਇਲਾਵਾ ਹੋਰ ਦਸਤਾਵੇਜ਼ ਵੀ ਵਰਤ ਸਕਣਗੇ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵੋਟਰਾਂ ਕੋਲ ਈਪਿਕ ਕਾਰਡ ਉਪਲੱਬਧ ਹੈ, ਉਹ ਆਪਣੇ ਕਾਰਡ ਰਾਹੀਂ ਵੋਟ ਪਾ ਸਕਣਗੇ | ਇਸ ਤੋਂ ਇਲਾਵਾ ਜਿਨ੍ਹਾਂ ਵੋਟਰਾਂ ਕੋਲ ਇਹ ਕਾਰਡ ਨਹੀਂ ਹੈ, ਉਹ ਆਧਾਰ ਕਾਰਡ, ਭਾਰਤੀ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਫ਼ੋਟੋ ਵਾਲਾ ਪੈਨ ਕਾਰਡ, ਮਗਨਰੇਗਾ ਜਾਬ ਕਾਰਡ, ਰਾਸ਼ਨ ਕਾਰਡ/ਨੀਲਾ ਕਾਰਡ, ਫ਼ੋਟੋ ਸਮੇਤ ਆਰਮਜ਼ ਲਾਇਸੈਂਸ, ਪੈਨਸ਼ਨ ਦਸਤਾਵੇਜ਼, ਆਜ਼ਾਦੀ ਘੁਲਾਟੀਏ ਪਛਾਣ ਪੱਤਰ, ਬੈਂਕ ਜਾਂ ਡਾਕਖ਼ਾਨੇ ਦੀ ਫ਼ੋਟੋ ਵਾਲੀ ਪਾਸਬੁੱਕ, ਮਜ਼ਦੂਰੀ ਮੰਤਰਾਲੇ ਵੱਲੋਂ ਜਾਰੀ ਹੈਲਥ ਇੰਸ਼ੋਰੈਂਸ ਸਮਾਰਟ ਕਾਰਡ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਜਾਰੀ ਸਰਕਾਰੀ ਪਛਾਣ ਪੱਤਰ, ਯੂਨੀਕ ਡਿਸਏਬਿਲਟੀ ਆਈ.ਡੀ ਕਾਰਡ, ਕੇਂਦਰ/ਰਾਜ ਸਰਕਾਰ, ਪੀ.ਐੱਸ.ਯੂ ਜਾਂ ਪਬਲਿਕ ਲਿਮਟਿਡ ਕੰਪਨੀਆਂ ਵਲੋਂ ਜਾਰੀ ਸਰਵਿਸ ਆਈਡੀ ਕਾਰਡ ਅਤੇ ਮਾਨਤਾ ਪ੍ਰਾਪਤ ਵਿੱਦਿਅਕ ਸੰਸਥਾਵਾਂ ਵਲੋਂ ਜਾਰੀ ਵਿਦਿਆਰਥੀ ਪਛਾਣ ਪੱਤਰ ਦੀ ਵਰਤੋਂ ਕਰ ਸਕਦੇ ਹਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਕੋਈ ਦਸਤਾਵੇਜ਼ ਪਰਿਵਾਰ ਦੇ ਮੁਖੀ ਦੇ ਨਾਮ 'ਤੇ ਹੈ | ਤਾਂ ਉਸ ਦੇ ਆਧਾਰ 'ਤੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਵੀ ਪਛਾਣ ਕੀਤੀ ਜਾ ਸਕਦੀ ਹੈ, ਬਸ਼ਰਤੇ ਉਨ੍ਹਾਂ ਦੀ ਪਛਾਣ ਸਪੱਸ਼ਟ ਹੋਵੇ | ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟਿੰਗ ਵੇਲੇ ਆਪਣੇ ਨਾਲ ਪਛਾਣ ਦਸਤਾਵੇਜ਼ ਜ਼ਰੂਰ ਲੈ ਕੇ ਆਉਣ ਤਾਂ ਜੋ ਕਿਸੇ ਕਿਸਮ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ |