ਤਪਾ ਮੰਡੀ, 25 ਮਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪ੍ਰਸ਼ਾਸਨ ਵਲੋਂ 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਸਾਰੀਆਂ ਤਿਆਰੀਆਂ ਅਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਅੱਜ ਚੋਣ ਅਮਲੇ ਨੂੰ ਬੈਲਟ ਪੇਪਰ ਅਤੇ ਹੋਰ ਲੋੜੀਂਦੀ ਚੋਣ ਸਮਗਰੀ ਦੇ ਕੇ ਵੱਖ-ਵੱਖ ਪੋਲਿੰਗ ਬੂਥਾਂ ਲਈ ਰਵਾਨਾ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫਸਰ-ਕਮ-ਆਯੁਸ਼ ਗੋਇਲ ਨੇ ਦੱਸਿਆ ਕਿ ਸਬ-ਡਵੀਜ਼ਨ ਤਪਾ ਅੰਦਰ 15 ਵਾਰਡਾਂ 'ਚ ਚੋਣਾਂ ਹੋਣਗੀਆਂ | ਜਿਸ ਲਈ 17 ਪੋਲਿੰਗ ਬੂਥਾਂ 'ਤੇ ਚੋਣ ਅਮਲੇ 'ਚ 1 ਪੀ.ਆਰ.ਓ, 1 ਏ.ਪੀ.ਆਰ.ਓ ਅਤੇ 3 ਪੀ.ਓ. ਤੈਨਾਤ ਹੋਣਗੇ, ਜਿਨ੍ਹਾਂ ਨੂੰ 1 ਬੈਲਟ ਪੇਪਰ ਬਾਕਸ, ਸਟੇਸ਼ਨਰੀ ਕਿੱਟ, ਬੈਲਟ ਪੇਪਰ, ਇੱਕ ਸਕਰੀਨ ਆਦਿ ਸਮਗਰੀ ਮੁਹੱਈਆ ਕਰਵਾਈ ਗਈ ਹੈ | ਮੰਗਲਵਾਰ ਨੂੰ ਨਗਰ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਸ਼ਾਂਤਮਈ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਉਨ੍ਹਾਂ ਦੱਸਿਆ ਕਿ ਮਤਦਾਨ ਦੌਰਾਨ ਵੀਡੀਓਗ੍ਰਾਫ਼ੀ ਕਰਨ ਦੇ ਪ੍ਰਬੰਧ ਵੀ ਕੀਤੇ ਗਏ ਹਨ ਅਤੇ 26 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ | ਇਸ ਮੌਕੇ ਐਸ.ਪੀ. (ਡੀ) ਅਸ਼ੋਕ ਸ਼ਰਮਾ ਅਤੇ ਡੀ.ਐਸ.ਪੀ. ਤਪਾ ਜਸਕਰਨ ਸਿੰਘ ਬਰਾੜ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |