ਬਰਨਾਲਾ, 28 ਮਈ (ਨਰਿੰਦਰ ਅਰੋੜਾ)- ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ਦੌਰਾਨ ਹੋਈ ਕਥਿਤ ਧੱਕੇਸ਼ਾਹੀ 'ਤੇ ਸੱਤਾ ਧਿਰ ਅਤੇ ਪੁਲਿਸ ਦੀ ਭੂਮਿਕਾ ਨੂੰ ਲੈ ਕੇ ਅੱਜ ਵੱਖ-ਵੱਖ ਪਾਰਟੀਆਂ ਦੇ ਆਗੂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕ ਮੰਚ 'ਤੇ ਨਜ਼ਰ ਆਏ | ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਪੰਜਾਬ ਐਸ.ਸੀ. ਵਿੰਗ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪੱਖੋ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਬਰਨਾਲਾ ਦੇ ਪਿਛਲੇ 50 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਏਨਾ ਤਸ਼ੱਦਦ ਦੇਖਣ ਨੂੰ ਮਿਲਿਆ ਹੈ | ਉਨ੍ਹਾਂ ਕਿਹਾ ਕਿ ਜੋ ਕੁੱਝ ਅਸੀਂ ਫ਼ਿਲਮਾਂ ਵਿਚ ਦੇਖਦੇ ਹਾਂ, ਉਹ ਪੁਲਿਸ ਨੇ ਅਸਲੀਅਤ ਵਿਚ ਕਰ ਕੇ ਦਿਖਾ ਦਿੱਤਾ | ਆਗੂਆਂ ਨੇ ਕਿਹਾ ਕਿ ਇਹ ਚੋਣਾਂ ਆਮ ਆਦਮੀ ਪਾਰਟੀ ਨੇ ਨਹੀਂ, ਪੁਲਿਸ ਨੇ ਲੜੀਆਂ ਹਨ | ਵਾਰਡ ਨੰ: 15 'ਚ ਭਾਜਪਾ ਉਮੀਦਵਾਰ ਦੇ ਪਤੀ ਦੀ ਪੱਗ ਲਾਹੀ ਗਈ ਅਤੇ ਸਿਰ ਪਾੜਿਆ ਗਿਆ | ਵਾਰਡ ਨੰ: 21 ਵਿਚ ਪੁਲਿਸ ਵਲੋਂ ਸ਼ਰੇ੍ਹਆਮ ਬੂਥ ਕੈਪਚਰ ਕੀਤਾ ਗਿਆ, ਵਾਰਡ ਨੰ: 33 ਫਰਵਾਹੀ ਬਾਜ਼ਾਰ ਵਿਚ 'ਆਪ' ਆਗੂ ਵਲੋਂ ਥੱਪੜ ਮਾਰੇ ਗਏ, ਵਾਰਡ ਨੰ: 38 ਵਿਖੇ ਭਾਜਪਾ ਆਗੂ ਰਜਿੰਦਰ ਉੱਪਲ ਅਤੇ ਉਸ ਦੇ ਪਰਿਵਾਰ ਨਾਲ ਧੱਕਾ ਕੀਤਾ ਗਿਆ | ਆਗੂਆਂ ਨੇ ਕਿਹਾ ਕਿ ਪ੍ਰਸਾਸ਼ਨ ਦੀ ਨੱਕ ਥੱਲੇ ਸ਼ਰੇਆਮ ਜਾਅਲੀ ਵੋਟਾਂ ਪੈਂਦੀਆਂ ਰਹੀਆਂ, ਜੋ ਲੋਕਤੰਤਰ ਦਾ ਘਾਣ ਹੈ | ਉਨ੍ਹਾਂ ਕਿਹਾ ਕਿ ਇਸ ਸਾਂਝੀ ਪੈੱ੍ਰਸ ਕਾਨਫ਼ਰੰਸ ਦਾ ਮੁੱਖ ਮਕਸਦ ਲੋਕਾਂ ਤੱਕ ਆਵਾਜ਼ ਪਹੁੰਚਾਉਣਾ ਹੈ ਤਾਂ ਜੋ 2027 ਦੀਆਂ ਚੋਣਾਂ ਵਿਚ ਲੋਕ ਇਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਣ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵੋਟਾਂ ਦੀ ਗਿਣਤੀ ਵਿਚ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਗਈ ਤਾਂ ਉਹ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਸ ਵਿਰੁੱਧ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ |