ਬਰਨਾਲਾ, 29 ਮਈ (ਗੁਰਪ੍ਰੀਤ ਸਿੰਘ ਲਾਡੀ)-ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦਫ਼ਤਰ ਬਰਨਾਲਾ ਦੇ ਸਮੂਹ ਦਫ਼ਤਰੀ ਅਤੇ ਫ਼ੀਲਡ ਸਟਾਫ਼ ਵਲੋਂ ਅਣਮਿਥੇ ਸਮੇਂ ਲਈ ਕਲਮ ਛੋੜ ਹੜਤਾਲ 8ਵੇਂ ਦਿਨ ਵਿਚ ਸ਼ਾਮਿਲ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਬੂਟਾ ਸਿੰਘ ਪੱਖੋ, ਕਰਨਦੀਪ ਚੰਦੇਲ, ਸਵਰਨ ਸਿੰਘ, ਪਰਵਿੰਦਰ ਸਿੰਘ, ਕੰਵਰਵੀਰ ਸਿੰਘ, ਲਾਭ ਸਿੰਘ ਨੇ ਕਿਹਾ ਕਿ ਸਾਰੇ ਕਰਮਚਾਰੀਆਂ ਨੂੰ ਫਰਵਰੀ 2026 ਤੋਂ ਬਾਅਦ ਦੀ ਤਨਖ਼ਾਹ ਨਹੀਂ ਮਿਲੀ | ਜਿਸ ਕਰ ਕੇ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਤਨਖ਼ਾਹ ਨਾ ਮਿਲਣ ਦਾ ਕਾਰਨ ਦੱਸਿਆ ਗਿਆ ਕਿ ਦਫ਼ਤਰ ਡਿਪਟੀ ਕਮਿਸ਼ਨਰ ਬਰਨਾਲਾ ਵਲੋਂ ਸਿਵਲ ਸੂਟ ਨੰਬਰ 314 ਆਫ਼ 2021 ਵੀਰਪਾਲ ਕੌਰ ਬਨਾਮ ਪੰਜਾਬ ਸਰਕਾਰ ਵਿਚ ਪਏ ਮੁਆਵਜ਼ੇ ਦੀ ਰਕਮ 3,15,0234 ਰੁਪਏ ਅਦਾ ਕਰਨ ਲਈ ਪੰਚਾਇਤ ਸੰਮਤੀ ਬਰਨਾਲਾ ਦਾ ਖਾਤਾ ਮਾਣਯੋਗ ਕੋਰਟ ਵਿਚ ਦਿੱਤਾ ਗਿਆ ਹੈ | ਜਿਸ ਕਾਰਨ ਮਾਣਯੋਗ ਸਿਵਲ ਕੋਰਟ ਵਲੋਂ ਪੰਚਾਇਤ ਸੰਮਤੀ ਬਰਨਾਲਾ ਦੇ ਖਾਤੇ ਨੂੰ ਹੋਲਡ 'ਤੇ ਲਾ ਦਿੱਤਾ ਗਿਆ ਹੈ | ਜਦਕਿ ਉਕਤ ਕੇਸ ਵਿਚ ਨਾ ਹੀ ਪੰਚਾਇਤ ਸੰਮਤੀ ਪਾਰਟੀ ਹੈ ਅਤੇ ਨਾ ਹੀ ਇਸ ਕੇਸ ਨਾਲ ਪੰਚਾਇਤ ਸੰਮਤੀ ਬਰਨਾਲਾ ਦਾ ਕੋਈ ਸਬੰਧ ਹੈ | ਇਸ ਸਬੰਧੀ ਸਮੂਹ ਮੁਲਾਜ਼ਮਾਂ ਨੇ 13 ਤੇ 14 ਮਈ ਨੂੰ ਧਰਨਾ ਦਿੱਤਾ ਸੀ | ਜਿਸ ਵਿਚ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿ) ਬਰਨਾਲਾ ਵਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਮਿਤੀ 21 ਮਈ ਤੱਕ ਤੁਹਾਡੇ ਤਨਖ਼ਾਹ ਵਾਲੇ ਖਾਤੇ ਹੋਲਡ ਤੋਂ ਹਟਾ ਦਿੱਤੇ ਜਾਣਗੇ | ਪ੍ਰੰਤੂ ਅੱਜ ਤੱਕ ਉਕਤ ਮਸਲਾ ਹੱਲ ਨਹੀਂ ਹੋਇਆ ਤਾਂ ਸਮੂਹ ਦਫ਼ਤਰੀ/ਫ਼ੀਲਡ ਕਰਮਚਾਰੀਆਂ ਵਲੋਂ ਧਰਨਾ ਦੇ ਕੇ ਹੜਤਾਲ 8ਵੇ ਦਿਨ ਵਿਚ ਸ਼ਾਮਿਲ ਹੋ ਗਈ | ਸਮੂਹ ਮੁਲਾਜ਼ਮਾਂ ਨੇ ਕਿਹਾ ਕਿ 1 ਜੂਨ ਨੂੰ ਬੀ.ਡੀ.ਪੀ.ਓ. ਦਫ਼ਤਰ ਦੀਆਂ ਸਮੂਹ ਬ੍ਰਾਂਚਾਂ ਨੂੰ ਜਿੰਦੇ ਲਾ ਕੇ ਦਫ਼ਤਰ ਦਾ ਕੰਮ ਮੁਕੰਮਲ ਬੰਦ ਕੀਤਾ ਜਾਵੇਗਾ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਦਫ਼ਤਰ ਅੱਗੇ ਜ਼ਿਲ੍ਹਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਪੰਚਾਇਤ ਅਫ਼ਸਰ ਹਰਭਜਨ ਸਿੰਘ, ਜਗਰਾਜ ਸਿੰਘ ਗੁੰਮਟੀ, ਅਕਾਊਾਟੈਂਟ ਵਿਜੇ ਕੁਮਾਰ, ਕਰਨਦੀਪ ਚੰਦੇਲ, ਕਨਵਰ ਸਿੰਘ, ਅਮਨਦੀਪ ਕੌਰ, ਨਿਤੀਸ਼ ਕੁਮਾਰ, ਰਮਨਜੋਤ ਸੁਪਰਡੈਂਟ, ਮੋਨਾ ਰਾਣੀ, ਰਾਜ ਕੁਮਾਰ, ਸੰਦੀਪ ਸਿੰਘ, ਗੁਰਵਿੰਦਰ ਸਿੰਘ, ਖੁਸ਼ਵਿੰਦਰ ਸਿੰਘ ਸੰਮਤੀ ਪਟਵਾਰੀ, ਰਣਧੀਰ ਸਿੰਘ ਆਦਿ ਹਾਜ਼ਰ ਸਨ |