ਬਰਨਾਲਾ, 29 ਮਈ (ਰਾਜ ਪਨੇਸਰ)-ਇਕ ਪ੍ਰਾਈਵੇਟ ਬੈਂਕ 'ਚ ਬਤੌਰ ਸੀ.ਆਰ.ਓ. ਕੰਮ ਕਰਦੇ ਵਿਅਕਤੀ ਵਲੋਂ ਕਿਸ਼ਤਾਂ ਇਕੱਠੀਆਂ ਕਰਨ ਦੀ ਆੜ 'ਚ 4 ਲੱਖ 22 ਹਜ਼ਾਰ 674 ਰੁਪਏ ਦੀ ਠੱਗੀ ਮਾਰਨ ਦੇ ਸਬੰਧ 'ਚ ਥਾਣਾ ਸਿਟੀ ਬਰਨਾਲਾ ਵਲੋਂ ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮੱੁਦਈ ਮਹਿੰਦਰ ਸਿੰਘ ਸੀਨੀਅਰ ਮੈਨੇਜਰ ਉਜੀਵਨ ਸਮਾਲ ਬੈਂਕ ਬਰਨਾਲਾ ਵਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ 27 ਮਾਰਚ 2026 ਨੂੰ ਨੰਬਰੀ ਦਰਖ਼ਾਸਤ ਦਿੱਤੀ ਸੀ ਜਿਸ ਵਿਚ ਜ਼ਿਕਰ ਕੀਤਾ ਹੋਇਆ ਸੀ ਕਿ ਬੰਟੀ ਸਿੰਘ ਪੱੁਤਰ ਮੁਖਤਿਆਰ ਸਿੰਘ ਵਾਸੀ ਦੱੁਗਾ (ਸੰਗਰੂਰ) ਉਜੀਵਨ ਸਮਾਲ ਬੈਂਕ ਬਰਨਾਲਾ 'ਚ ਬਤੌਰ ਸੀ.ਆਰ.ਓ. ਵਜੋਂ ਕੰਮ ਕਰਦਾ ਸੀ | ਜਿਸ ਨੇ ਵੱਖ-ਵੱਖ ਗ੍ਰਾਹਕਾਂ ਦਾ ਲੋਨ ਕਰ ਕੇ ਹਰ ਮਹੀਨੇ ਕਿਸ਼ਤਾਂ ਇਕੱਠੀਆਂ ਕਰਨੀਆਂ ਸੀ | ਜਿਸ ਨੇ ਗ੍ਰਾਹਕਾਂ ਦੇ ਮਨਜ਼ੂਰ ਹੋਏ ਲੋਨ ਫਾਈਲ ਵਿਚ ਆਪਣੇ ਤੇ ਆਪਣੇ ਪਰਿਵਾਰ ਦੇ ਮੋਬਾਈਲ ਨੰਬਰ ਪਾ ਕੇ ਮਨਜ਼ੂਰ ਹੋਏ ਲੋਨ ਦੀ ਰਕਮ ਆਪਣੇ ਵੱਖ-ਵੱਖ ਖਾਤਿਆਂ ਵਿਚ ਟਰਾਂਸਫ਼ਰ ਕਰ ਲਏ ਜਿਸ ਨੇ ਇਸ ਤਰ੍ਹਾਂ ਕਰ ਕੇ ਬੈਂਕ ਨਾਲ 4 ਲੱਖ 22 ਹਜ਼ਾਰ 674 ਰੁਪਏ ਦੀ ਠੱਗੀ ਮਾਰੀ ਹੈ | ਪੁਲਿਸ ਵਲੋਂ ਬੰਟੀ ਸਿੰਘ ਪੱੁਤਰ ਮੁਖਤਿਆਰ ਸਿੰਘ, ਜਸਵਿੰਦਰ ਕੌਰ ਪਤਨੀ ਮੁਖਤਿਆਰ ਸਿੰਘ ਵਾਸੀਅਨ ਦੱੁਗਾ (ਸੰਗਰੂਰ), ਆਕਾਸ਼ਦੀਪ ਸਿੰਘ ਪੱੁਤਰ ਜਗਤਾਰ ਸਿੰਘ ਵਾਸੀ ਘਰਾਚੋਂ (ਸੰਗਰੂਰ) ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ ਹੈ | ਇਹ ਵੀ ਪਤਾ ਲੱਗਿਆ ਹੈ ਕਿ ਇਸ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਰੀਤੂ ਰਾਣੀ ਹਨ |