ਬਰਨਾਲਾ, 26 ਜੂਨ (ਰਾਜ ਪਨੇਸਰ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਪਿੰਡਾਂ ਦੀਆਂ ਸੱਥਾਂ ’ਚ ਹੋ ਰਹੀਆਂ ਲੋਕ ਮਿਲਣੀਆਂ ਇਕ ਕਾਮੇਡੀ ਸ਼ੋਅ ਤੋਂ ਵੱਧ ਕੇ ਹੋਰ ਕੁੱਝ ਵੀ ਨਹੀਂ ਹਨ ਕਿਉਂਕਿ ਇਨ੍ਹਾਂ ਕਾਮੇਡੀ ਸ਼ੋਅ ਰੂਪੀ ਲੋਕ ਮਿਲੀਆਂ ਵਿਚ ਮੁੱਖ ਮੰਤਰੀ ਵਲੋਂ ਲੋਕਾਂ ਦੇ ਪੱਲੇ ਮਜਾਹੀਆ ਟਿੱਪਣੀਆਂ, ਚੁਟਕਲਿਆਂ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਪਾਇਆ ਜਾ ਰਿਹਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬਰਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਪਿੰਡਾਂ ਦੀਆਂ ਸੱਥਾਂ ਵਿਚ ਖੜ ਕੇ ਆਪਣੇ ਭਾਸ਼ਣ ਵਿਚ ਪੰਜਾਬ ਦਾ ਕੋਈ ਇਕ ਵੀ ਮੁੱਦਾ ਨਹੀਂ ਛੂਹਿਆ ਜਾ ਰਿਹਾ ਬਲਕਿ ਮੁੱਖ ਮੰਤਰੀ ਵਲੋਂ ਆਪਣੇ ਭਾਸ਼ਣ ਦੌਰਾਨ ਸਾਰਥਿਕ ਭਾਸ਼ਾ ਅਤੇ ਸ਼ੈਲੀ ਤੋਂ ਹੇਠਾਂ ਜਾ ਕੇ ਪੰਜਾਬ ਦੀਆਂ ਵੱਡੀਆਂ ਸਿਆਸੀ ਪਾਰਟੀਆਂ ਦੇ ਵੱਡੇ ਅਤੇ ਸਤਿਕਾਰਯੋਗ ਆਗੂਆਂ ਪ੍ਰਤੀ ਮਾੜੇ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਲੋਕਾਂ ਦੇ ਮਨਾਂ ਵਿਚ ਈਰਖਾ ਦਾ ਬੀਜ ਬੀਜਿਆ ਜਾ ਰਿਹਾ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਗਠਨ ਤੋਂ ਲੈ ਕੇ ਮੁਲਕ ਅਤੇ ਪੰਜਾਬ ਦੀ ਰਾਜਨੀਤੀ ਵਿਚ ਨਫ਼ਰਤ ਦਾ ਬੀਜ ਬੀਜਣਾ ਹੀ ਆਮ ਆਦਮੀ ਪਾਰਟੀ ਦੀ ਨੀਤੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਇਸ ਨੀਤੀ ’ਤੇ ਬਾਖ਼ੂਬੀ ਪਹਿਰਾ ਦੇ ਰਹੇ ਹਨ। ਵਿਧਾਇਕ ਢਿੱਲੋਂ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਿੰਡਾਂ ਦੀਆਂ ਸੱਥਾਂ ’ਚ ਹੋ ਰਹੇ ਸਮਾਗਮਾਂ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਭਾਵੇਂ ਮੁੱਖ ਮੰਤਰੀ ਵਲੋਂ ‘ਸਰਕਾਰ ਆਪਕੇ ਦੁਆਰ’ ਸਲੋਗਨ ਤਹਿਤ ਲੋਕਾਂ ਦੇ ਮਸਲੇ ਸੁਣਨ ਦਾ ਪ੍ਰਚਾਰ ਕੀਤਾ ਜਾ ਰਿਹਾ ਪ੍ਰੰਤੂ ਅਸਲ ਵਿਚ ਕਿਸੇ ਵੀ ਸੱਥ ’ਚ ਮੁੱਖ ਮੰਤਰੀ ਨੇ ਕਦੇ ਵੀ ਕਿਸੇ ਲੋਕ ਮੁੱਦੇ ਦੀ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉੰਝ ਭਾਵੇਂ ਪ੍ਰਚਾਰ ਕੀਤਾ ਜਾਂਦਾ ਕਿ ਮੁੱਖ ਮੰਤਰੀ ਲੋਕਾਂ ਦੇ ਮਸਲੇ ਸੁਣਦੇ ਹਨ ਪ੍ਰੰਤੂ ਆਮ ਲੋਕਾਂ ਨੂੰ ਤਾਂ ਮੁੱਖ ਮੰਤਰੀ ਦੇ ਨੇੜੇ ਤੱਕ ਵੀ ਨਹੀਂ ਜਾਣ ਦਿੱਤਾ ਜਾਂਦਾ ਸਗੋਂ ਪੂਰੀ ਸਿਆਸੀ ਯੋਜਨਾ ਤਹਿਤ ਮੁੱਖ ਮੰਤਰੀ ਦੇ ਆਲ਼ੇ ਦੁਆਲੇ ਆਪਣਿਆਂ ਦਾ ਹੀ ਘੇਰਾ ਹੁੰਦਾ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਫ਼ਤਿਹਗੜ੍ਹ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰੀਨਾ ਰਾਣੀ ਦੀ ਵਾਇਰਲ ਹੋ ਰਹੀ ਵੀਡੀਓ ਸਭ ਕੁੱਝ ਸਪਸ਼ਟ ਕਰਦੀ ਹੈ ਕਿ ਮੁੱਖ ਮੰਤਰੀ ਦੀਆਂ ਸੱਥਾਂ ਸਿਰਫ਼ ਕੂੜ ਪ੍ਰਚਾਰ ਦਾ ਇਕ ਪਲੇਟਫ਼ਾਰਮ ਹਨ ਜਿਹੜੀਆਂ ਪੰਜਾਬ ਦੇ ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾ ਰਹੀਆਂ ਹਨ।