ਨਿਊਯਾਰਕ, 26 ਜੂਨ (ਰਾਜੂ ਸਹਿਬਾਜ਼ਪੁਰਾ )- ਨਿਊਯਾਰਕ ਪੁਲਿਸ ਤੇ ਪ੍ਰੋਸੀਕਿਊਟਰਾਂ ਨੇ ਬਰੁਕਲਿਨ ਤੇ ਮੈਨਹੈਟਨ ’ਚ ਹੋਈਆਂ ਹਿੰਸਕ ਘਟਨਾਵਾਂ ਦੇ ਸਿਲਸਿਲੇ ਵਿੱਚ 22 ਕਥਿਤ ਗੈਂਗ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਮੁਤਾਬਕ ਇਹ ਲੋਕ ਅਕਤੂਬਰ 2022 ਤੋਂ ਇਸ ਸਾਲ ਤੱਕ ਹੋਈਆਂ 26 ਗੋਲੀਬਾਰੀ ਘਟਨਾਵਾਂ ਨਾਲ ਜੁੜੇ ਹੋਏ ਹਨ। ਇਨ੍ਹਾਂ ਗੋਲੀਬਾਰੀਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ, ਜਦਕਿ 20 ਤੋਂ ਵੱਧ ਲੋਕ ਜ਼ਖ਼ਮੀ ਹੋਏ। ਜ਼ਖ਼ਮੀਆਂ ਵਿੱਚ ਤਿੰਨ ਬੇਕਸੂਰ ਰਾਹਗੀਰ ਵੀ ਸ਼ਾਮਲ ਸਨ। ਬਰੁਕਲਿਨ ਡਿਸਟ੍ਰਿਕਟ ਅਟਾਰਨੀ ਐਰਿਕ ਗੋਨਜ਼ਾਲੇਜ਼ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ 22 ਵਿਚੋਂ 17 ਲੋਕਾਂ ਨੇ ਖੁਦ ਗੋਲੀ ਚਲਾਈ ਸੀ। ਕੁਝ ਮੁਲਜ਼ਮਾਂ ‘ਤੇ ਕਈ ਵਾਰ ਗੋਲੀਬਾਰੀ ਕਰਨ ਦੇ ਦੋਸ਼ ਹਨ। ਜਾਂਚ ਦੌਰਾਨ 56 ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜਨਵਰੀ 2025 ਵਿੱਚ ਈਸਟ ਨਿਊਯਾਰਕ ਦੀ ਇੱਕ ਗ੍ਰੋਸਰੀ ਸਟੋਰ ਵਿੱਚ 16 ਸਾਲਾ ਲੜਕੇ ‘ਤੇ ਗੋਲੀ ਚਲਾਈ ਗਈ ਸੀ। ਪ੍ਰੋਸੀਕਿਊਟਰਾਂ ਅਨੁਸਾਰ ਇਸ ਹਮਲੇ ਤੋਂ ਬਾਅਦ ਕਥਿਤ ਹਮਲਾਵਰ ਗੱਡੀ ਵਿੱਚ ਬੈਠ ਕੇ ਇਸ ਘਟਨਾ ਦਾ ਜਸ਼ਨ ਮਨਾਉਂਦੇ ਨਜ਼ਰ ਆਏ। ਇਨ੍ਹਾਂ ਮਾਮਲਿਆਂ ਵਿੱਚ ਦਸੰਬਰ ਮਹੀਨੇ ਦੀ ਇੱਕ ਸਵੀਟ 16 ਪਾਰਟੀ ਦੇ ਬਾਹਰ ਹੋਈ ਗੋਲੀਬਾਰੀ ਵੀ ਸ਼ਾਮਲ ਹੈ, ਜਿਸ ਵਿੱਚ ਛੇ ਨੌਜਵਾਨ ਜ਼ਖ਼ਮੀ ਹੋਏ ਸਨ। ਵੀਡੀਓ ਵਿੱਚ ਕਥਿਤ ਹਮਲਾਵਰਾਂ ਵੱਲੋਂ ਭੀੜ ਵੱਲ 20 ਤੋਂ ਵੱਧ ਗੋਲੀਆਂ ਚਲਾਉਂਦੇ ਦਿਖਾਈ ਦਿੱਤੇ। ਗ੍ਰਿਫ਼ਤਾਰ ਮੁਲਜ਼ਮਾਂ ‘ਤੇ ਸਾਜ਼ਿਸ਼, ਕਤਲ, ਕਤਲ ਦੀ ਕੋਸ਼ਿਸ਼ ਅਤੇ ਗੈਰਕਾਨੂੰਨੀ ਹਥਿਆਰ ਰੱਖਣ ਵਰਗੇ ਗੰਭੀਰ ਦੋਸ਼ ਲਗਾਏ ਗਏ ਹਨ। ਪੁਲਿਸ ਨੇ ਕਿਹਾ ਕਿ ਗੈਂਗ ਹਿੰਸਾ ਨੂੰ ਰੋਕਣ ਲਈ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗਆਂ।