ਬਰਨਾਲਾ, 26 ਜੂਨ (ਗੁਰਪ੍ਰੀਤ ਸਿੰਘ ਲਾਡੀ)-ਅੰਤਰਰਾਸ਼ਟਰੀ ਨਸ਼ਾ ਵਿਰੁੱਧ ਦਿਵਸ ਦੇ ਮੌਕੇ ਦ ਕਲਗ਼ੀਧਰ ਟਰੱਸਟ ਵਲੋਂ ਚਲਾਏ ਜਾ ਰਹੇ 121 ਅਕਾਲ ਅਕੈਡਮੀ ਸਕੂਲਾਂ ਦੇ 15,000 ਤੋਂ ਵੱਧ ਵਿਦਿਆਰਥੀਆਂ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿਚ ਇਕ ਵਿਸ਼ੇਸ਼ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਵਿਚ ਭਾਗ ਲਿਆ। ਕਲਗ਼ੀਧਰ ਟਰੱਸਟ ਦੇ ਪੀ.ਆਰ.ਓ. ਸ: ਇੰਦਰਪਾਲ ਸਿੰਘ ਨੇ ਦੱਸਿਆ ਕਿ ਸਵੇਰੇ 8 ਵਜੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਇੱਕੋ ਸਮੇਂ ਆਪਣੇ-ਆਪਣੇ ਕੈਂਪਸਾਂ ਵਿਚ ਇਕੱਠੇ ਹੋ ਕੇ ‘ਅਸੀਂ ਨਸ਼ਾ ਮੁਕਤ ਹਾਂ’ ਦੀ ਮਨੁੱਖੀ ਅੱਖਰ ਰਚਨਾ ਬਣਾ ਕੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਕਲਪ ਦੁਹਰਾਇਆ। ਇਹ ਗਤੀਵਿਧੀ ਵਰਲਡ ਬੁੱਕ ਆਫ਼ ਰਿਕਾਰਡਜ਼, ਲੰਡਨ ਵਿਚ ਦਰਜ ਹੋਣ ਦੇ ਉਦੇਸ਼ ਨਾਲ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿਚ ਅਕਾਲ ਅਕੈਡਮੀ ਦੇ ਭਦੌੜ 400, ਅਕਾਲ ਅਕੈਡਮੀ ਮਹਿਲ ਕਲਾਂ ਦੇ 100, ਅਕਾਲ ਅਕੈਡਮੀ ਰਾਜੀਆ ਦੇ 80 ਅਤੇ ਅਕਾਲ ਅਕੈਡਮੀ ਮਨਾਲ ਦੇ 58 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਅਕਾਲ ਅਕੈਡਮੀ ਭਦੌੜ ਦੀ ਪ੍ਰਿੰਸੀਪਲ ਸ੍ਰੀਮਤੀ ਪ੍ਰੀਤੀ ਗਰੋਵਰ ਨੇ ਕਿਹਾ ਕਿਹਾ ਇਹ ਉਪਰਾਲਾ ਸਾਡੇ ਵਿਦਿਆਰਥੀਆਂ ਦੀ ਨਸ਼ਾ-ਮੁਕਤ ਸਮਾਜ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸਾਲ ਭਰ ਚੱਲਣ ਵਾਲੇ ਜਾਗਰੂਕਤਾ ਪ੍ਰੋਗਰਾਮਾਂ, ਮੁੱਲ-ਅਧਾਰਿਤ ਸਿੱਖਿਆ, ਕੌਂਸਲਿੰਗ ਅਤੇ ਨਸ਼ਾ ਰੋਕਥਾਮੀ ਗਤੀਵਿਧੀਆਂ ਰਾਹੀਂ ਸਾਡੇ ਸਕੂਲ ਨਸ਼ਾ-ਮੁਕਤ ਕੈਂਪਸ ਬਣਾਈ ਰੱਖਣ ਲਈ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਦੱਸਿਆ ਕਿ ਅਕਾਲ ਅਕੈਡਮੀਆਂ ਦੇ ਵਿਦਿਆਰਥੀ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਵੱਡੀਆਂ ਸਮਾਜਿਕ ਮੁਹਿੰਮਾਂ ਰਾਹੀਂ ਦੋ ਵਿਸ਼ਵ ਰਿਕਾਰਡ ਅਤੇ ਇੱਕ ਲਿਮਕਾ ਬੁੱਕ ਆਫ਼ ਰਿਕਾਰਡ ਮਾਨ ਹਾਸਲ ਕਰਨ ਵਿਚ ਯੋਗਦਾਨ ਪਾ ਚੁੱਕੇ ਹਨ।