ਤਪਾ ਮੰਡੀ, 27 ਜੂਨ (ਪ੍ਰਵੀਨ ਗਰਗ)- ਸੂਬਾ ਸਰਕਾਰ ਵਲੋਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਲਗਾਤਾਰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਦਾਅਵੇ ਉਸ ਸਮੇਂ ਠੁੱਸ ਨਜ਼ਰ ਆਏ, ਜਦੋਂ ਕਿਸਾਨਾਂ ਨੇ ਤਪਾ ਗਰਿੱਡ ਵਿਖੇ ਪਹੁੰਚ ਕੇ ਪਾਵਰਕਾਮ ਅਤੇ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਨਾਅਰੇਬਾਜ਼ੀ ਕਰਦਿਆਂ ਪਿੰਡ ਤਾਜੋਕੇ ਦੇ ਕਿਸਾਨਾਂ ਮੱਖਣ ਸਿੰਘ ਭੁੱਲਰ, ਸੇਵਕ ਸਿੰਘ ਭੁੱਲਰ, ਗੁਰਚਰਨ ਸਿੰਘ ਭੁੱਲਰ, ਬੂਟਾ ਸਿੰਘ ਨੰਬਰਦਾਰ, ਸੁਖਦੇਵ ਸਿੰਘ, ਸੰਦੀਪ ਸਿੰਘ, ਭੋਲਾ ਸਿੰਘ ਭੁੱਲਰ, ਮੋਹਣ ਸਿੰਘ ਨੰਬਰਦਾਰ, ਕੁਲਵਿੰਦਰ ਸਿੰਘ, ਜੱਗਾ ਸਿੰਘ ਬੱਲੋ, ਸਾਬਕਾ ਮੈਂਬਰ ਗੁਰਦੇਵ ਸਿੰਘ, ਬਲਵੀਰ ਸਿੰਘ, ਜਗਸੀਰ ਸਿੰਘ ਅਤੇ ਗੁਰਤੇਜ ਸਿੰਘ ਸਮੇਤ ਹੋਰ ਕਿਸਾਨਾਂ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਝੋਨੇ ਦੀ ਫ਼ਸਲ ਲਈ ਅੱਠ ਘੰਟੇ ਲਗਾਤਾਰ ਬਿਜਲੀ ਦੇਣ ਦਾ ਭਰੋਸਾ ਦਿੱਤਾ ਸੀ, ਪਰ ਹਕੀਕਤ ਵਿਚ ਮੁਸ਼ਕਿਲ ਨਾਲ ਇਕ ਤੋਂ ਡੇਢ ਘੰਟਾ ਹੀ ਬਿਜਲੀ ਮਿਲ ਰਹੀ ਹੈ। ਵਾਰ-ਵਾਰ ਲੱਗ ਰਹੇ ਕੱਟਾਂ ਕਾਰਨ ਖੇਤਾਂ ਨੂੰ ਸਮੇਂ ਸਿਰ ਪਾਣੀ ਨਹੀਂ ਮਿਲ ਰਿਹਾ, ਜਿਸ ਨਾਲ ਝੋਨੇ ਦੀ ਫ਼ਸਲ ਸੁੱਕਣ ਦੇ ਕੰਢੇ ’ਤੇ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਲੇਬਰ, ਡੀਜ਼ਲ ਅਤੇ ਹੋਰ ਖੇਤੀਬਾੜੀ ਖ਼ਰਚਿਆਂ ਦਾ ਵਾਧੂ ਬੋਝ ਵੀ ਝੱਲਣਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਬਿਜਲੀ ਸਪਲਾਈ ਫੀਡਰ ਤਾਜੋਕੇ, ਘੁੜੈਲਾ ਫੀਡਰ ਤੋਂ ਚੱਲਦੀ ਹੈ ਅਤੇ ਹੋਰਨਾਂ ਪਿੰਡਾਂ ’ਚ ਵੀ ਬਿਜਲੀ ਸਪਲਾਈ ਦਾ ਇਹੋ ਹਾਲ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰੂੜੇਕੇ ਅਤੇ ਬਲਾਕ ਪ੍ਰਧਾਨ ਮੰਦਿਰ ਸਿੰਘ ਤਾਜੋਕੇ ਨੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਤੁਰੰਤ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਨਾ ਦਿੱਤੀ ਗਈ ਤਾਂ 28 ਜੂਨ ਨੂੰ ਮੁੱਖ ਹਾਈਵੇ ਜਾਮ ਕਰ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਸਬੰਧੀ ਜਦੋਂ ਤਪਾ ਦੇ ਐਸ.ਡੀ.ਓ. ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਵਲੋਂ ਜਾਰੀ ਹਦਾਇਤਾਂ ਅਨੁਸਾਰ ਹੀ ਬਿਜਲੀ ਕੱਟ ਲਗਾਏ ਜਾ ਰਹੇ ਹਨ ਅਤੇ ਵਿਭਾਗ ਵਲੋਂ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਪਲਾਈ ਨੂੰ ਸੁਚਾਰੂ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ।