06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਕੱਚਾ ਕਾਲਜ ਰੋਡ ਦੇ ਕਈ ਵਾਰਡਾਂ ’ਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਨੇ ਸੜਕ ਜਾਮ ਕਰ ਕੇ ਪ੍ਰਸ਼ਾਸਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Ad Position 21
No active advertisement
ਅਜੀਤ ਡੈਸਕ 30-06-2026
ਬਰਨਾਲਾ, 29 ਜੂਨ (ਗੁਰਪ੍ਰੀਤ ਸਿੰਘ ਲਾਡੀ)-ਸਥਾਨਕ ਕੱਚਾ ਕਾਲਜ ਰੋਡ ਦੇ ਵਾਰਡ ਨੰਬਰ 29, 39, 40 ਅਤੇ 41 ਦੇ ਨਿਵਾਸੀ ਪਿਛਲੇ ਕੁੱਝ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਨਾਲ ਜੂਝ ਰਹੇ ਹਨ। ਸ਼ਹੀਦ ਭਗਤ ਸਿੰਘ ਪਾਰਕ ਵਿਖੇ ਲੱਗਾ ਮੁੱਖ ਟਿਊਬਵੈੱਲ ਪੂਰੀ ਤਰ੍ਹਾਂ ਖ਼ਰਾਬ ਹੋਣ ਕਾਰਨ ਇਨ੍ਹਾਂ ਵਾਰਡਾਂ ਦੀ ਜਨਤਾ ਬੂੰਦ-ਬੂੰਦ ਪਾਣੀ ਨੂੰ ਤਰਸ ਰਹੀ ਹੈ। ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ ਦੀ ਕਥਿਤ ਅਣਗਹਿਲੀ ਅਤੇ ਸਮਾਂ ਰਹਿੰਦਿਆਂ ਕੋਈ ਢੁਕਵਾਂ ਕਦਮ ਨਾ ਚੁੱਕੇ ਜਾਣ ਤੋਂ ਪ੍ਰੇਸ਼ਾਨ ਹੋ ਕੇ ਅੱਜ ਉਕਤ ਵਾਰਡਾਂ ਦੇ ਵਾਸੀਆਂ ਵਲੋਂ ਕੱਚਾ ਕਾਲਜ ਰੋਡ, ਗਲੀ ਨੰਬਰ 12 ਦੇ ਅੱਗੇ ਸੜਕ ਜਾਮ ਕਰ ਕੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਜਥੇਦਾਰ ਕਰਮਜੀਤ ਸਿੰਘ ਬਿੱਲੂ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ, ਭਾਜਪਾ ਆਗੂ ਰਾਜਿੰਦਰ ਉਪਲ, ਸੰਦੀਪ ਜੇਠੀ, ਨਰਿੰਦਰ ਗਰਗ ਨੀਟਾ ਆਦਿ ਆਗੂਆਂ ਨੇ ਕਿਹਾ ਕਿ ਦੋ ਦਿਨ ਪਹਿਲਾਂ ਵੀ ਕੱਚਾ ਕਾਲਜ ਰੋਡ ਦੇ ਵਾਸੀਆਂ ਵਲੋਂ ਪ੍ਰਸ਼ਾਸਨ ਨੂੰ ਜਗਾਉਣ ਲਈ ਧਰਨਾ ਦਿੱਤਾ ਗਿਆ ਸੀ। ਉਸ ਸਮੇਂ ਲੋਕਾਂ ਨੇ ਪ੍ਰਸ਼ਾਸਨ ਨੂੰ ਸਾਫ਼ ਚੇਤਾਵਨੀ ਦਿੱਤੀ ਸੀ ਕਿ ਜੇਕਰ ਪਾਣੀ ਦੀ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਪਰ ਪ੍ਰਸ਼ਾਸਨ ਅਤੇ ਵਾਟਰ ਸਪਲਾਈ ਵਿਭਾਗ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ, ਜਿਸ ਦੇ ਸਿੱਟੇ ਵਜੋਂ ਅੱਜ ਸਥਾਨਕ ਨਿਵਾਸੀਆਂ ਨੂੰ ਦੁਬਾਰਾ ਸੜਕਾਂ ’ਤੇ ਉੱਤਰਨ ਲਈ ਮਜਬੂਰ ਹੋਣਾ ਪਿਆ। ਆਗੂਆਂ ਨੇ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਵਲੋਂ ਸਿਰਫ਼ ਵੱਡੇ-ਵੱਡੇ ਇਸ਼ਤਿਹਾਰਾਂ ਰਾਹੀਂ ਹੀ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਜ਼ਮੀਨੀ ਹਕੀਕਤ ਬਿਲਕੁਲ ਉਲਟ ਹੈ। ਅੱਜ ਦੇ ਦੌਰ ਵਿਚ ਵੀ ਲੋਕ ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹੋ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਸ਼ਹਿਰ ਦੇ ਬਹੁਤ ਸਾਰੇ ਇਲਾਕਿਆਂ ਵਿਚ ਪੀਣ ਵਾਲਾ ਪਾਣੀ ਬੇਹੱਦ ਗੰਦਾ ਅਤੇ ਦੂਸ਼ਿਤ ਆ ਰਿਹਾ ਹੈ। ਇਸ ਗੰਦੇ ਪਾਣੀ ਦੀ ਵਰਤੋਂ ਕਾਰਨ ਸ਼ਹਿਰ ਵਿਚ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ, ਜਿਸ ਵੱਲ ਮਹਿਕਮਾ ਬਿਲਕੁਲ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਪ੍ਰਸ਼ਾਸਨ ਅਤੇ ਵਾਟਰ ਸਪਲਾਈ ਵਿਭਾਗ ਵਲੋਂ ਪਾਣੀ ਦੀ ਇਸ ਗੰਭੀਰ ਸਮੱਸਿਆ ਦਾ ਪੱਕਾ ਹੱਲ ਨਹੀਂ ਕੀਤਾ ਜਾਂਦਾ, ਓਨਾ ਚਿਰ ਇਹ ਧਰਨਾ ਅਤੇ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਉਤਮ ਬਾਂਸਲ, ਕਾਂਗਰਸੀ ਬਾਰੂ ਸਿੰਘ, ਗੁਰਮੇਲ ਸਿੰਘ ਧਾਲੀਵਾਲ, ਭੀਮ ਸੈਨ ਭੀਮਾ ਤੋਂ ਇਲਾਵਾ ਵੱਖ-ਵੱਖ ਮੁਹੱਲਿਆਂ ਦੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ। ਜਦੋਂ ਇਸ ਸਬੰਧੀ ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ ਦੇ ਐਸ.ਡੀ.ਓ. ਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਚਾਰ ਟਿਊਬਵੈੱਲਾਂ ਵਿਚ ਖ਼ਰਾਬੀ ਆ ਗਈ ਸੀ, ਤਿੰਨ ਟਿਊਬਵੈੱਲਾਂ ਦੀ ਮੁਰੰਮਤ ਕਰ ਦਿੱਤੀ ਗਈ ਹੈ ਅਤੇ ਇਕ ਸ਼ਹੀਦ ਭਗਤ ਸਿੰਘ ਪਾਰਕ ਵਾਲੇ ਟਿਊਬਵੈੱਲ ਦਾ ਬੋਰ ਖ਼ਤਮ ਹੋ ਗਿਆ ਹੈ। ਲੇਕਿਨ ਉਨ੍ਹਾਂ ਵਲੋਂ ਇਸ ਦਾ ਵੀ ਜਲਦ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਵਿਚ ਇੱਕੋ ਰਾਤ 4 ਦੁਕਾਨਾਂ ਵਿਚ ਚੋਰੀ, ਸ਼ਹਿਰ ਵਾਸੀਆਂ ਵਿਚ ਸਹਿਮ ਦਾ ਮਾਹੌਲ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਨਗਰ ਸਠਿਆਲਾ’ ਚ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਫਾਰਮ ਭਰੇ
Ad Position 24
No active advertisement