ਬਰਨਾਲਾ, 30 ਜੂਨ (ਗੁਰਪ੍ਰੀਤ ਸਿੰਘ ਲਾਡੀ)- ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਅਤੇ ਮੌਜੂਦਾ ਸਮੇਂ ਸਿੱਖ ਪੰਥ ਨੂੰ ਦਰਪੇਸ਼ ਗੰਭੀਰ ਚੁਨੌਤੀਆਂ ਸਬੰਧੀ ਵਿਚਾਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਿਤੀ 5 ਜੁਲਾਈ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪੰਥਕ ਇਕੱਤਰਤਾ ਬੁਲਾਈ ਗਈ ਹੈ। ਇਸੇ ਸਬੰਧ ਵਿਚ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਰਨਾਲਾ ਪਹੁੰਚੇ, ਜਿੱਥੇ ਉਨ੍ਹਾਂ ਨੇ ਸੰਤ ਸਮਾਜ ਦੇ ਪ੍ਰਮੁੱਖ ਆਗੂਆਂ ਸੰਤ ਹਾਕਮ ਸਿੰਘ ਅਤੇ ਸੰਤ ਰੇਸ਼ਮ ਸਿੰਘ ਨਾਲ ਇਕ ਵਿਸ਼ੇਸ਼ ਬੈਠਕ ਕੀਤੀ। ਇਸ ਅਹਿਮ ਇਕੱਤਰਤਾ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਗੁਰੂ ਦੋਖੀ’ ਅਤੇ ‘ਖ਼ਾਲਸਾ ਪੰਥ ਵਿਰੋਧੀ’ ਐਲਾਨੇ ਜਾਣ ਦੇ ਸਬੰਧ ਵਿਚ ਪੈਦਾ ਹੋਈ ਮੌਜੂਦਾ ਸਥਿਤੀ ’ਤੇ ਡੂੰਘੀ ਵਿਚਾਰ-ਚਰਚਾ ਕੀਤੀ ਗਈ ਅਤੇ 5 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਬੁਲਾਈ ਗਈ ਵਿਸ਼ੇਸ਼ ਪੰਥਕ ਇਕੱਤਰਤਾ ਵਿਚ ਸ਼ਾਮਿਲ ਹੋਣ ਲਈ ਸੰਤ ਹਾਕਮ ਸਿੰਘ ਅਤੇ ਸੰਤ ਰੇਸ਼ਮ ਸਿੰਘ ਨੂੰ ਰਸਮੀ ਸੱਦਾ-ਪੱਤਰ ਸੌਂਪਿਆ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਹੁਕਮਨਾਮੇ ਦੇ ਸੰਦੇਸ਼ ਨੂੰ ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਦੇ ਹਰ ਪਿੰਡ ਅਤੇ ਘਰ-ਘਰ ਤੱਕ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਸੰਗਤ ਨੂੰ ਮੌਜੂਦਾ ਸਰਕਾਰ ਦੇ ਪੰਥ ਵਿਰੋਧੀ ਚਿਹਰੇ ਤੋਂ ਜਾਣੂ ਕਰਵਾਇਆ ਜਾ ਸਕੇ । ਇਸੇ ਕੜੀ ਦੇ ਤਹਿਤ ਹੁਣ ਸਮੁੱਚੇ ਪੰਥ ਦੀ ਰਾਏ ਅਤੇ ਅਗਲੀ ਰਣਨੀਤੀ ਤੈਅ ਕਰਨ ਲਈ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿਖੇ ਇਕ ਇਕੱਤਰਤਾ ਸੱਦੀ ਗਈ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਹਰ ਸਿੱਖ ਲਈ ਸਿਰਮੌਰ ਹੈ । ਗੁਰੂ ਘਰ ਅਤੇ ਪੰਥ ਵਿਰੋਧੀ ਤਾਕਤਾਂ ਨੂੰ ਬਖ਼ਸ਼ਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਇਕੱਠ ਕੌਮ ਦੀ ਇੱਕਜੁੱਟਤਾ ਅਤੇ ਚੜ੍ਹਦੀਕਲਾ ਦਾ ਪ੍ਰਤੀਕ ਹੋਵੇਗਾ । ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਸੰਤ ਸਮਾਜ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪੋ-ਆਪਣੇ ਖੇਤਰਾਂ ਵਿਚੋਂ ਵੱਧ ਤੋਂ ਵੱਧ ਸੰਗਤ ਨੂੰ ਨਾਲ ਲੈ ਕੇ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਹੁੰਚਣ, ਤਾਂ ਜੋ ਕੌਮ ਵਿਰੋਧੀ ਅਨਸਰਾਂ ਨੂੰ ਕਰਾਰਾ ਜਵਾਬ ਦਿੱਤਾ ਜਾ ਸਕੇ। ਸੰਤ ਹਾਕਮ ਸਿੰਘ ਅਤੇ ਸੰਤ ਰੇਸ਼ਮ ਸਿੰਘ ਨੇ ਸ਼੍ਰੋਮਣੀ ਕਮੇਟੀ ਅਤੇ ਤਖ਼ਤ ਸਾਹਿਬਾਨ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਆਦੇਸ਼ ’ਤੇ ਪਹਿਰਾ ਦੇਣਾ ਸੰਤ ਸਮਾਜ ਦਾ ਮੁੱਢਲਾ ਫ਼ਰਜ਼ ਹੈ। ਉਨ੍ਹਾਂ ਨੇ ਪੰਥਕ ਇਕੱਤਰਤਾ ਵਿਚ ਵੱਡੀ ਗਿਣਤੀ ਵਿਚ ਸਾਧੂ-ਸੰਤਾਂ ਅਤੇ ਸੰਗਤ ਸਮੇਤ ਸ਼ਮੂਲੀਅਤ ਕਰਨ ਦਾ ਪੂਰਨ ਵਿਸ਼ਵਾਸ ਦਿਵਾਇਆ। ਇਸ ਮੌਕੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਦੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਵੀ ਮੌਜੂਦ ਸਨ।