ਤਪਾ ਮੰਡੀ, 30 ਜੂਨ (ਪ੍ਰਵੀਨ ਗਰਗ)-ਨੌਜਵਾਨ ਧਾਨਕ ਸਭਾ ਅਤੇ ਸਮੂਹ ਧਾਨਕ ਸਮਾਜ ਤਪਾ ਵਲੋਂ ਸੰਤ ਕਬੀਰ ਦੀ ਮੂਰਤੀ ਸਥਾਪਨਾ ਦੇ ਸੰਬੰਧ ’ਚ ਇੱਕ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਮੌਕੇ ਪੰਡਿਤ ਅਨਿਲ ਸ਼ਰਮਾ ਨੇ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਵੇਦ ਮੰਤਰ ਦਾ ਉਚਾਰਨ ਕਰ ਕੇ ਪ੍ਰਬੰਧਕਾਂ ਤੋਂ ਪੂਜਨ ਦੀ ਰਸਮ ਅਦਾ ਕਰਵਾਈ ਅਤੇ ਵਿਧੀ ਵਿਧਾਨ ਅਨੁਸਾਰ ਸੰਤ ਕਬੀਰ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ । ਸਮਾਗਮ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਕੌਂਸਲਰ ਪੁਸ਼ਪ ਲਤਾ ਦੇ ਪਤੀ ਵਿਨੋਦ ਕੁਮਾਰ ਕਾਲਾ ਅਤੇ ਰਾਜੂ ਮਾਰਕੰਡਾ ਨੇ ਸ਼ਿਰਕਤ ਕੀਤੀ। ਜਿਨਾਂ ਦਾ ਕਮੇਟੀ ਮੈਂਬਰਾਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਝੰਡੇ ਦੀ ਰਸਮ ਮੰਗਤ ਰਾਏ ਬਸੌੜ ਪ੍ਰਧਾਨ ਗੱਲਾ ਮਜ਼ਦੂਰ ਯੂਨੀਅਨ ਵਲੋਂ ਅਦਾ ਕੀਤੀ ਗਈ। ਧਾਰਮਿਕ ਸਮਾਗਮ ਦੌਰਾਨ ਗੁਰੂ ਗੋਬਿੰਦ ਸਿੰਘ ਨਗਰ ਦੇ ਨਿਵਾਸੀਆਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕਰ ਕੇ ਸੰਤ ਕਬੀਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੁਲਤਾਨ ਰਾਮ, ਜਤਿੰਦਰ ਸਿੰਘ, ਪੰਕਜ ਕੁਮਾਰ, ਜਸਵੰਤ ਰਾਏ, ਮੋਜੀ ਪੁਨੀਆ, ਰਵੀ ਕੁਮਾਰ, ਸੁਨੀਲ ਕੁਮਾਰ, ਸੋਨੂੰ ਆਦਿ ਸਮੂਹ ਅਹੁਦੇਦਾਰ ਮੈਂਬਰ ਨੌਜਵਾਨ ਧਾਨਕ ਸਭਾ ਅਤੇ ਸਮੂਹ ਧਾਨਕ ਸਮਾਜ ਦੇ ਨੁਮਾਇੰਦੇ ਹਾਜ਼ਰ ਸਨ।