ਬਰਨਾਲਾ, 1 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 29 ਅਤੇ 41 ਵਿਚ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਹੀ ਪਾਣੀ ਦੀ ਕਿੱਲਤ ਤੋਂ ਦੁਖੀ ਲੋਕਾਂ ਵਲੋਂ ਭਾਵੇਂਕਿ ਪਿਛਲੇ ਦਿਨਾਂ ਦੌਰਾਨ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਵਾਟਰ ਤੇ ਸੀਵਰੇਜ ਬੋਰਡ ਬਰਨਾਲਾ ਵਿਖੇ ਧਰਨੇ ਅਤੇ ਸੜਕ ਜਾਮ ਕਰ ਕੇ ਰੋਸ ਮੁਜ਼ਾਹਰੇ ਕੀਤੇ ਗਏ ਪਰ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਵਲੋਂ ਸਮੱਸਿਆ ਦਾ ਕੋਈ ਹੱਲ ਨਾ ਕਰਨ ਅਤੇ ਪੂਰੀ ਤਰ੍ਹਾਂ ਅਣਦੇਖੀ ਦੇ ਚਲਦਿਆਂ ਅੱਜ ਵਾਰਡ ਵਾਸੀਆਂ ਵਲੋਂ ਵੱਡਾ ਫ਼ੈਸਲਾ ਲੈਂਦਿਆਂ ਖ਼ੁਦ ਹੀ ਪੈਸੇ ਪਾ ਕੇ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਨਵਾਂ ਟਿਊਬਵੈੱਲ ਲਾਉਣ ਦਾ ਕੰਮ ਸ਼ੁਰੂ ਕਰਵਾਉਣਾ ਪਿਆ। ਲੋਕਾਂ ਵਲੋਂ ਨਵੇਂ ਟਿਊਬਵੈੱਲ ਦਾ ਕੰਮ ਸ਼ੁਰੂ ਕਰਵਾਉਣ ਤੋਂ ਪਹਿਲਾਂ ਪੰਡਿਤ ਅਮਨ ਸ਼ਰਮਾ (ਜਲੇਬੀ ਬਾਬਾ) ਪਾਸੋਂ ਪੂਜਾ ਅਰਚਨਾ ਕਰਵਾਈ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ ਅਤੇ ਭਾਜਪਾ ਦੇ ਸੀਨੀਅਰ ਆਗੂ ਨਰਿੰਦਰ ਗਰਗ ਨੀਟਾ ਨੇ ਕਿਹਾ ਕਿ ਜ਼ਿੰਦਗੀ ਵਿਚ ਪਾਣੀ ਮੁੱਢਲੀ ਜ਼ਰੂਰਤ ਹੈ ਪਰ ਵਾਰਡ ਨੰਬਰ 29 ਅਤੇ 41 ਵਿਚ ਲੋਕ ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ। ਦੋਵੇਂ ਵਾਰਡਾਂ ਦੀ ਇਸ ਸਮੱਸਿਆ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ, ਸੱਤਾਧਾਰੀ ਧਿਰ ਦੇ ਆਗੂਆਂ ਅਤੇ ਸਬੰਧਿਤ ਵਿਭਾਗ ਨੂੰ ਬਹੁਤ ਵਾਰ ਦੱਸਿਆ ਗਿਆ ਕਿ ਖ਼ਰਾਬ ਹੋ ਰਹੇ ਟਿਊਬਵੈੱਲ ਦੀ ਮੁਰੰਮਤ ਕਰਵਾਈ ਜਾਵੇ ਪਰ ਉਨ੍ਹਾਂ ਵਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਜਿਸ ਕਾਰਨ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਲੱਗਿਆ ਟਿਊਬਵੈੱਲ ਪੂਰੀ ਤਰ੍ਹਾਂ ਖ਼ਰਾਬ ਹੋ ਗਿਆ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੂੰ ਜਗਾਉਣ ਲਈ ਉਕਤ ਵਾਰਡਾਂ ਦੇ ਲੋਕਾਂ ਵਲੋਂ ਤਿੰਨ ਦਿਨ ਧਰਨਾ ਵੀ ਲਗਾਇਆ ਗਿਆ ਪਰ ਕੋਈ ਹੱਲ ਨਹੀਂ ਕੀਤਾ ਗਿਆ। ਜਿਸ ਕਾਰਨ ਹੁਣ ਉਕਤ ਵਾਰਡਾਂ ਦੇ ਲੋਕਾਂ ਨੇ ਫ਼ੈਸਲਾ ਕੀਤਾ ਗਿਆ ਹੈ ਕਿ ਉਹ ਖ਼ੁਦ ਹੀ ਪੈਸੇ ਪਾ ਕੇ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਨਵਾਂ ਟਿਊਬਵੈੱਲ ਲਗਾਉਣਗੇ ਅਤੇ ਇਹ ਟਿਊਬਵੈੱਲ ਲੱਗਣ ਤੋਂ ਬਾਅਦ ਨਗਰ ਨਿਗਮ ਬਰਨਾਲਾ ਦੇ ਸਪੁਰਦ ਕਰ ਦੇਣਗੇ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਕੌਂਸਲਰ ਸ੍ਰੀਮਤੀ ਊਸ਼ਾ ਰਾਣੀ, ਜਸਪਾਲ ਸਿੰਘ ਚੀਨਾ ਪੱਖੋ, ਮੰਗਤ ਰਾਏ, ਤੇਜਵੰਤ ਸਿੰਘ ਰਾਏ, ਸੁਰਿੰਦਰ ਸਿੰਘ, ਜਸਪਾਲ ਸਿੰਘ, ਪ੍ਰਿੰਸ ਸਟੂਡੀਓ, ਭੀਮ ਸੈਨ ਭੀਮਾ, ਰਾਜੂ ਸ਼ਰਮਾ, ਗੋਲਡੀ, ਉਤਮ ਬਾਂਸਲ, ਰੀਟਾ ਗੋਇਲ, ਹਰਦੀਪ ਕੁਮਾਰ, ਭਾਰਤ ਕਾਂਸਲ ਆਦਿ ਵਾਰਡ ਵਾਸੀ ਮੌਜੂਦ ਸਨ।