ਬਰਨਾਲਾ, 1 ਜੁਲਾਈ (ਅਸ਼ੋਕ ਭਾਰਤੀ)-ਸਾਂਝਾ ਮੁਲਾਜ਼ਮ ਮੰਚ ਅਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਫ਼ਰੰਟ ਦੀ ਤਾਲਮੇਲ ਕਮੇਟੀ ਵਲੋਂ ਸੂਬਾ ਪੱਧਰੀ ਸੱਦੇ ਤਹਿਤ ਅੱਜ ਤੋਂ 10 ਜੁਲਾਈ ਤੱਕ ਪੰਜਾਬ ਸਰਕਾਰ ਦੇ ਮੰਤਰੀਆਂ, ਵਿਧਾਇਕਾਂ, ਸੰਸਦ ਮੈਂਬਰਾਂ ਦੀਆਂ ਰਿਹਾਇਸ਼ਾਂ ਦੇ ਘਿਰਾਓ ਦੀ ਰੂਪ ਰੇਖਾ ਤੈਅ ਕਰਨ ਲਈ ਰਮੇਸ਼ ਹਮਦਰਦ, ਮਨੋਹਰ ਲਾਲ, ਮੋਹਨ ਸਿੰਘ ਛੰਨਾਂ, ਬਲਜਿੰਦਰ ਪ੍ਰਭੂ, ਤਰਸੇਮ ਭੱਠਲ, ਦਰਸ਼ਨ ਚੀਮਾ, ਸੁਖਜੰਟ ਸਿੰਘ, ਅਵਤਾਰ ਸਿੰਘ, ਪਰਮਿੰਦਰ ਬਰਨਾਲਾ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਆਪਣੇ ਚੋਣ ਵਾਅਦਿਆਂ ਅਨੁਸਾਰ 18 ਫ਼ੀਸਦੀ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, ਏ.ਸੀ.ਪੀ. ਭੱਤਾ ਲਾਗੂ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਪੰਜਾਬ ਦੇ ਮੁਲਾਜ਼ਮਾਂ ਤੇ 17 ਜੁਲਾਈ 2020 ਦੇ ਪੱਤਰ ਰਾਹੀਂ ਲਾਗੂ ਕੇਂਦਰੀ ਤਨਖ਼ਾਹ ਕਮਿਸ਼ਨ ਰੱਦ ਕਰਨ, ਪ੍ਰੋਬੇਸ਼ਨ ਪੀਰੀਅਡ ਵਿਚ ਵਾਧੇ ਵਾਲਾ 15 ਜਨਵਰੀ 2015 ਦਾ ਪੱਤਰ ਰੱਦ ਕਰਨ, ਪੈਨਸ਼ਨਰਾਂ ਨੂੰ 2.59 ਦਾ ਗੁਣਾਂਕ ਦੇਣ, ਕੱਚੇ ਕਾਮਿਆਂ ਨੂੰ ਪੱਕਾ ਕਰਨ, ਮਾਣ ਭੱਤੇ ਤੇ ਕੰਮ ਕਰਦੀਆਂ ਬੀਬੀਆਂ ਤੇ ਘੱਟੋ ਘੱਟ ਉਜਰਤ ਲਾਗੂ ਕਰਨ ਆਦਿ ਤੋਂ ਲਗਾਤਾਰ ਟਾਲਾ ਵੱਟ ਰਹੀ ਹੈ। ਇਸ ਲਈ ਆਗੂਆਂ ਨੇ ਕਿਹਾ ਕਿ ਅਗਲੇ ਸੰਘਰਸ਼ ਦੀ ਕੜੀ ਵਜੋਂ ਅੱਜ ਦੀ ਸਾਂਝੀ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਹੈ ਕਿ 6 ਜੁਲਾਈ ਨੂੰ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਰਿਹਾਇਸ਼ ਦਾ ਘਿਰਾਓ ਕਰ ਕੇ ਚਿਤਾਵਨੀ ਪੱਤਰ ਸੌਂਪਿਆ ਜਾਵੇਗਾ। ਉਸ ਤੋਂ ਬਾਅਦ 17 ਜੁਲਾਈ ਨੂੰ ਲੱਖਾਂ ਦੀ ਤਾਦਾਦ ਵਿਚ ਮੁਲਾਜ਼ਮ ਅਤੇ ਪੈਨਸ਼ਨਰਜ਼ ਮੋਹਾਲੀ ਵੱਲ ਕੂਚ ਕਰਨਗੇ। ਇਨ੍ਹਾਂ ਸੰਘਰਸ਼ਾਂ ਲਈ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਦੇਣ ਦੀ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਸੰਘਰਸ਼ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਤੱਕ ਨਾ ਸਿਰਫ਼ ਜਾਰੀ ਰਹੇਗਾ ਸਗੋਂ ਹੋਰ ਵੱਧ ਵਿਸ਼ਾਲ ਅਤੇ ਤਿੱਖਾ ਹੋਵੇਗਾ। ਇਸ ਮੌਕੇ ਰਾਜੀਵ ਕੁਮਾਰ, ਮੋਹਣ ਸਿੰਘ, ਖੁਸ਼ੀਆ ਸਿੰਘ, ਰਮਨ ਸਿੰਗਲਾ, ਰਵਿੰਦਰ ਸ਼ਰਮਾ, ਤੇਜਿੰਦਰ ਤੇਜੀ, ਪ੍ਰਿੰ: ਕੌਰ ਸਿੰਘ, ਪਰਮਜੀਤ ਸਿੰਘ ਪਾਸੀ, ਮੁਨੀਸ਼ ਠੀਕਰੀਵਾਲਾ, ਤੀਰਥ ਦਾਸ, ਮੁਖਤਿਆਰ ਭੱਟੀ, ਬਲਦੇਵ ਮੰਡੇਰ, ਬਲਵੰਤ ਸਿੰਘ, ਸੁਰਿੰਦਰ ਸ਼ਰਮਾ, ਅਜਿੰਦਰਪਾਲ ਸਿੰਘ, ਜਗਰਾਜ ਟੱਲੇਵਾਲ, ਵਿਕੀ ਡਾਵਲਾ, ਬਲਵੰਤ ਭੁੱਲਰ, ਕੇਵਲ ਸਿੰਘ, ਬਿੱਕਰ ਸਿੰਘ, ਯਾਦਵਿੰਦਰ ਸਿੰਘ, ਗੁਰਨਾਮ ਸਿੰਘ ਆਗੂ ਹਾਜ਼ਰ ਸਨ।