ਬਰਨਾਲਾ, 25 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਚੰਦਨ ਕੁਮਾਰ ਗਰੇਵਾਲ ਅੱਜ ਇੱਥੇ ਸਿਵਲ ਹਸਪਤਾਲ ਬਰਨਾਲਾ ਪੁੱਜੇ ਅਤੇ ਹਸਪਤਾਲ ਵਿਚ ਦਾਖ਼ਲ ਸਫ਼ਾਈ ਕਰਮਚਾਰੀਆਂ ਦਾ ਹਾਲ ਜਾਣਿਆ। ਉਪਰੰਤ ਨਾਲ ਗੱਲ ਕਰਦੇ ਹੋਏ ਚੇਅਰਮੈਨ ਚੰਦਨ ਕੁਮਾਰ ਗਰੇਵਾਲ ਨੇ ਕਿਹਾ ਕਿ ਪਿਛਲੀ ਦਿਨੀਂ ਬਰਨਾਲਾ ਵਿਚ ਸਫ਼ਾਈ ਕਰਮਚਾਰੀਆਂ ਨਾਲ ਵਾਪਰੀ ਘਟਨਾ ਬੇਹੱਦ ਮੰਦਭਾਗੀ ਅਤੇ ਨਿੰਦਣਯੋਗ ਹੈ ਅਤੇ ਇਹ ਬੇਹੱਦ ਸੰਵੇਦਨਸ਼ੀਲ ਮੁੱਦਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਪੰਜਾਬ ਸਰਕਾਰ ਵਲੋਂ ਸਫ਼ਾਈ ਸੇਵਕਾਂ ਉੱਤੇ ਲਾਠੀਚਾਰਜ ਕਰਨ ਦੇ ਮਾਮਲੇ ਵਿਚ ਡੀ ਐੱਸ ਪੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਐਸ.ਐਚ.ਓ. ਨੂੰ ਪੁਲੀਸ ਲਾਈਨ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮਾਮਲੇ ਦੀ ਪੂਰੀ ਰਿਪੋਰਟ ਮੰਗੀ ਹੈ ਅਤੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਇਸ ਮਾਮਲੇ ਨੂੰ ਪੂਰੀ ਸੰਵੇਦਨਸ਼ੀਲਤਾ ਨਾਲ ਵਿਚਾਰਦੇ ਹੋਏ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਨਾਲ ਜ਼ਿਆਦਤੀ ਅਤੇ ਅਨਿਆਂ ਬਰਦਾਸ਼ਤ ਨਹੀਂ, ਉਨ੍ਹਾਂ ਕਿਹਾ ਕਿ ਕਮਿਸ਼ਨ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਵਚਨਬੱਧ ਹੈ। ਇਸ ਮੌਕੇ ਵਿਜੈ ਦਾਨਵ ਚੇਅਰਮੈਨ ਦਲਿਤ ਵਿਕਾਸ ਬੋਰਡ ਪੰਜਾਬ, ਸਰਬਜੀਤ ਸਿੰਘ ਰੌਕੀ ਵਾਲਮੀਕਿ ਸ਼ਕਤੀ ਸੰਗਠਨ ਪੰਜਾਬ ਅਤੇ ਹੋਰ ਆਗੂ ਮੌਜੂਦ ਸਨ।
ਸਫ਼ਾਈ ਕਰਮਚਾਰੀਆਂ ਨਾਲ ਦੁਰਵਿਵਹਾਰ ਬਰਦਾਸ਼ਤ ਨਹੀਂ-ਚੇਅਰਮੈਨ ਚੰਦਨ ਗਰੇਵਾਲ
ਅਜੀਤ ਡੈਸਕ
26-07-2026