ਬਾਬਾ ਬਕਾਲਾ ਸਾਹਿਬ, 25 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)- ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵੱਲੋਂ ਦਿੱਤਾ ਗਿਆ ਅਸਤੀਫਾ ਦੇਸ਼ ਦੇ ਹੰਕਾਰੀ ਰਾਜੇ ਦੀ ਹਾਰ ਅਤੇ ਨੌਜਵਾਨ ਸ਼ਕਤੀ ਦੀ ਜਿੱਤ ਹੈ ।’ ਇਹ ਪ੍ਰਗਟਾਵਾ ਕਰਦਿਆਂ ਹੋਇਆਂ ਅੱਜ ਇੱਥੇ ਹਲਕਾ ਬਾਬਾ ਬਕਾਲਾਸ ਸਾਹਿਬ ਤੋਂ ਕਾਂਗਰਸ ਦਾ ਸਾਬਕਾ ਵਿਧਾਇਕ ਸ: ਸੰਤੋਖ ਸਿੰਘ ਭਲਾਈਪੁਰ ਨੇ ਇਕ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਸਭ ਤੋਂ ਵੱਧ ਪੇਪਰ ਲੀਕ ਕਰਨ ਦੀ ਜ਼ਿੰਮੇਵਾਰ ਭਾਜਪਾ ਸਰਕਾਰ ਨੂੰ ਅਖੀਰ ਦੇਸ਼ ਦੀ ਨੌਜਵਾਨ ਸ਼ਕਤੀ ਅੱਗੇ ਗੋਡੇ ਟੇਕਣੇ ਪਏ ਹਨ । ਉਨ੍ਹਾਂ ਕਿਹਾ ਕਿ ਧਰਮਿੰਦਰ ਪ੍ਰਧਾਨ ਨੂੰ ਕੇਂਦਰੀ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਲਾਹੁਣ ਨਾਲ ਮੋਦੀ ਸਰਕਾਰ ਅਤੇ ਭਾਜਪਾ ਦੇ ਪਤਨ ਦੀ ਸ਼ੁਰੂਆਤ ਹੋ ਚੁੱਕੀ ਹੈ । ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੀ ਵਾਰੀ ਹੈ, ਪੰਜਾਬ ਵਿੱਚ ਵੀ ਪੇਪਰ ਲੀਕ ਨੂੰ ਲੈ ਕੇ ਮੰਤਰੀਆਂ ਨੂੰ ਤੁਰੰਤ ਅਸਤੀਫੇ ਦੇਣੇ ਚਾਹੀਦੇ ਹਨ । ਸ: ਭਲਾਈਪੁਰ ਨੇ ਕਿਹਾ ਕਿ ਪੰਜਾਬ ਵਿੱਚ ਆਮ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ । ਉਨ੍ਹਾਂ ਨੇ ਬਰਨਾਲਾ ਵਿਖੇ ਸਫਾਈ ਸੇਵਕਾਂ ‘ਤੇ ਲਾਠੀਚਾਰਜ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਆਪ ਸਰਕਾਰ ਵਿੱਚ ਪੁਲਿਸ ਅਤੇ ਅਫਸਰਾਸ਼ਾਹੀ ਗੁੰਡਾਗਰਦੀ ਤੇ ਉੱਤਰ ਆਈ ਹੈ ਅਤੇ ਕਾਨੂੰਨ ਨੂੰ ਛਿੱਕੇ ’ਤੇ ਟੰਗਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਮੁਲਾਜ਼ਮ ਹੜਤਾਲ ‘ਤੇ ਹਨ, ਜਿਸ ਨਾਲ ਲੋਕਾਂ ਵਿੱਚ ਹਾਹਾਕਾਰ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਦੀਪ ਸਿੰਘ ਭਲਾਈਪੁਰ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ, ਸਰਪੰਚ ਦਲਜੀਤ ਸਿੰਘ ਭੱਪੀ, ਇਕਬਾਲ ਸਿੰਘ ਬੱਲ (ਦੋਵੇਂ ਮੈਂਬਰ ਬਲਾਕ ਸੰਮਤੀ), ਸਾ: ਸਰਪੰਚ ਗੁਰਦਿਆਲ ਸਿੰਘ ਕੰਗ ਬੁਟਾਰੀ, ਸਾ: ਗੁਲਜ਼ਾਰ ਸਿੰਘ ਛੱਜਲੱਵਡੀ, ਸਰਪੰਚ ਸੁਖਦੇਵ ਸਿੰਘ ਬਾਣੀਆਂ, ਮਾਸਟਰ ਕੁੰਨਣ ਸਿੰਘ ਬਾਣੀਆਂ, ਸਰਪੰਚ ਗੁਰਮੁੱਖ ਸਿੰਘ ਸੁਧਾਰ, ਸਰਪੰਚ ਜਸਪਾਲ ਸਿੰਘ ਟੋਨੀ ਦਨਿਆਲ, ਸਰਪੰਚ ਨਿਰਮਲ ਸਿੰਘ ਲੋਹਗੜ੍ਹ, ਸਰਪੰਚ ਬਲਵਿੰਦਰ ਸਿੰਘ ਭਿੰਡਰ, ਸਰਪੰਚ ਬਲਕਾਰ ਸਿੰਘ ਲੋਹਗੜ੍ਹ, ਸਰਪੰਚ ਪ੍ਰਭ ਥੋਥੀਆਂ, ਸਰਪੰਚ ਬਲਕਾਰ ਸਿੰਘ ਥੋਥੀਆਂ, ਸਰਪੰਚ ਦਲਬੀਰ ਸਿੰਘ ਸਠਿਆਲਾ, ਸਰਪੰਚ ਇੰਦਰਜੀਤ ਸਿੰਘ ਸੇਰੋਂ, ਸਰਪੰਚ ਪ੍ਰਭਦੀਪ ਸਿੰਘ ਜਮਾਲਪੁਰ, ਬਲਜਿੰਦਰ ਸਿੰਘ ਜਸਪਾਲ, ਜਗਦੀਪ ਸਿੰਘ ਮਾਨ ਅਤੇ ਹੋਰ ਹਾਜ਼ਰ ਸਨ ।
ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਹੰਕਾਰੀ ਰਾਜੇ ਦੀ ਹਾਰ ਅਤੇ ਨੌਜਵਾਨ ਸ਼ਕਤੀ ਦੀ ਜਿੱਤ-ਸਾਬਕਾ ਵਿਧਾਇਕ ਭਲਾਈਪੁਰ
ਅਜੀਤ ਡੈਸਕ
26-07-2026